ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਗੁਰਭਜਨ ਗਿੱਲ ਦੀ ਹਿੰਦ ਪਾਕਿ ਦੀ ਸਾਂਝੀ ਲੋਕ ਵਿਰਾਸਤ, ਪੰਜਾਬੀਅਤ ਪਰੁੱਚੀ ਇਨਸਾਨੀਅਤ ਨੂੰ ਸਮਰਪਿਤ ਕਾਵਿ ਪੁਸਤਕ “ਖ਼ੈਰ ਪੰਜਾਂ ਪਾਣੀਆਂ ਦੀ ਬਾਰੇ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ਼ਿਜ਼ (ਪਿਲਾਕ) ਲਾਹੌਰ ਵਿਖੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਦੀ ਸਦਾਰਤ ਪੰਜਾਬੀ ਤੇ ਉਰਦੂ ਜ਼ਬਾਨ ਦੇ ਸ਼ਾਇਰ ਜਨੀਬ ਨਜ਼ੀਰ ਕੈਸਰ ਸਾਹਿਬ ਨੇ ਕੀਤੀ।
ਸਮਾਗਮ ਦੇ ਉਚੇਚੇ ਪ੍ਰਾਹੁਣੇ ਸਰਬਾਂਗੀ ਲੇਖਕ ਤੇ ਚਿੰਤਕ ਪ੍ਰੋਃ ਗੁਲਾਮ ਹੁਸੈਨ ਸਾਜਿਦ ਸਨ। ਉਨ੍ਹਾਂ ਕਿਤਾਬ ਦੇ ਹਵਾਲੇ ਨਾਲ ਕਿਹਾ ਕਿ ਇਹ ਸ਼ਾਇਰੀ ਸਰਸਵਤੀ ਤੇ ਰਾਵੀ ਦਰਿਆਵਾਂ ਦੀ ਜਾਈ ਹੈ। ਇਸ ਵਿੱਚ ਸੁਖ਼ਨ ਦਾ ਜਲ ਹੈ। ਉਨ੍ਹਾਂ ਕਿਹਾ ਕਿ ਅੱਜ ਸਰਸਵਤੀ ਕੋਲ ਜ਼ਮੀਨ ਨਹੀਂ ਤੇ ਰਾਵੀ ਕੋਲ ਪਾਣੀ ਨਹੀਂ। ਇਹ ਕਿਤਾਬ ਸਾਨੂੰ ਸਰਬ ਸਾਂਝੀ ਰਹਿਤਲ ਨਾਲ ਜੋੜਦੀ ਹੈ। ਕਾਵਿ ਪੁਸਤਕ ਬਾਰੇ ਡਾਃ ਇਕਬਾਲ ਕੈਸਰ, ਬਾਬਾ ਨਜਮੀ, ਅਫ਼ਜ਼ਲ ਸਾਹਿਰ,ਪੰਜਾਬੀ ਸੰਗਤ ਇਹਤੇਸ਼ਾਮ ਕਾਜ਼ਮ ਤੇ ਹੇਤਮ ਤਨਵੀਰ ਅਕਰਮ ਨੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ।