ਪੰਜਾਬੀ

ਪਾਇਲ ਹਲਕੇ ‘ਚ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ – ਵਿਧਾਇਕ ਗਿਆਸਪੁਰਾ

Published

on

ਦੋਰਾਹਾ (ਲੁਧਿਆਣਾ) : ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਾਇਲ ਹਲਕੇ ਵਿੱਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ। ਗਿਆਸਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਾਸੋਂ ਸੂਬੇ ਦੇ ਲੋਕਾਂ ਨੂੰ ਨਵੀਂ ਆਸ ਬੱਝੀ ਹੈ ਅਤੇ ਲੋਕਾਂ ਨੂੰ ਦਿੱਤੀ ਹਰ ਗਾਰੰਟੀ ਨੂੰ ਪੂਰਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਨਗਰ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪ੍ਰਸਿੱਧ ਦੋਰਾਹਾ ਕਿਲ੍ਹੇ ਦੀ ਮੁਰੰਮਤ ਲਈ 6 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਮਪੁਰ, ਰੌਣੀ ਅਤੇ ਸਿਆੜ ਪਿੰਡਾਂ ਵਿੱਚ ਖੋਲ੍ਹੇ ਗਏ ਤਿੰਨ ਆਮ ਆਦਮੀ ਕਲੀਨਿਕ, ਪਾਇਲ ਹਸਪਤਾਲ ਵਿੱਚ ਮੋਰਚਰੀ ਨੂੰ ਮੁੜ ਚਾਲੂ ਕਰਨ, ਦੋਰਾਹਾ ਵਿੱਚ ਸਕੂਲ ਆਫ ਐਮੀਨੈਂਸ, ਇੰਟਰਨੈਸ਼ਨਲ ਡਰਾਈਵਿੰਗ ਟਰੇਨਿੰਗ ਇੰਸਟੀਚਿਊਟ, ਨਵਾਂ ਪਾਰਕ ਅਤੇ ਸਿੱਖ ਕ੍ਰਾਂਤੀਕਾਰੀ ਬਾਬਾ ਮਹਾਰਾਜ ਸਿੰਘ ਦੇ ਬੁੱਤ ਦੇ ਆਲੇ-ਦੁਆਲੇ ਚਾਰਦੀਵਾਰੀ, ਵੱਖ-ਵੱਖ ਪੈਨਸ਼ਨ ਸਕੀਮਾਂ ਦੇ 1200 ਨਵੇਂ ਯੋਗ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਦੇ ਨਾਲ ਅਨੇਕਾਂ ਕੰਮ ਕਰਵਾਏ ਗਏ ਹਨ।

ਵਿਧਾਇਕ ਗਿਆਸਪੁਰਾ ਅੱਗੇ ਕਿਹਾ ਕਿ ਦੋਰਾਹਾ ਕਮਿਊਨਿਟੀ ਸੈਂਟਰ ਮਾਮਲੇ ਵਿੱਚ 58.85 ਲੱਖ ਰੁਪਏ ਦੇ ਘਪਲੇ ਦਾ ਪਰਦਾਫਾਸ਼ ਹੋਇਆ ਹੈ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਟਰੀਟਮੈਂਟ ਪਲਾਂਟਾਂ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਉਣ ਦਾ ਵੀ ਐਲਾਨ ਕੀਤਾ ਅਤੇ ਚਿੱਟੇ ਹਾਥੀ ਸਾਬਤ ਹੋ ਰਹੇ ਇਨ੍ਹਾਂ ਪਲਾਂਟਾਂ ਦੀ ਉਸਾਰੀ ਦੀ ਮੁਕੰਮਲ ਜਾਂਚ ਦੀ ਮੰਗ ਕਰਨਗੇ।

Facebook Comments

Trending

Copyright © 2020 Ludhiana Live Media - All Rights Reserved.