ਪੰਜਾਬ ਨਿਊਜ਼

ਦੁੱਧ ਦੀ ਮਿਲਾਵਟ ਦੀ ਜਾਂਚ ਸਬੰਧੀ ਮੁਫ਼ਤ ਜਾਂਚ ਕੈਂਪ ਲਗਾਉਣ ਦਾ ਫ਼ੈਸਲਾ

Published

on

ਲੁਧਿਆਣਾ  :  ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ਼ ਡੇਅਰੀ ਸਾਇੰਸ ਤੇ ਤਕਨਾਲੋਜੀ ਵਲੋਂ 2 ਮਾਰਚ ਤੋਂ 1 ਅਪ੍ਰੈਲ 2022 ਤੱਕ ‘ਦੁੱਧ ਵਿਚ ਮਿਲਾਵਟ ਦੀ ਜਾਂਚ ਸੰਬੰਧੀ ਮੁਫ਼ਤ ਕੈਂਪ’ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਉਪ-ਕੁਲਪਤੀ ਵੈਟਰਨਰੀ ਯੂਨੀਵਰਸਿਟੀ ਡਾ. ਇੰਦਰਜੀਤ ਸਿੰਘ ਨੇ ਦੁੱਧ ਮਨੁੱਖੀ ਜੀਵਨ ਦਾ ਉਹ ਪਹਿਲਾ ਭੋਜਨ ਹੈ, ਜੋ ਬੱਚਾ ਜਨਮ ਤੋਂ ਬਾਅਦ ਲੈਂਦਾ ਹੈ ਅਤੇ ਮੁੜ ਜੀਵਨ ਭਰ ਉਸ ਦੀ ਖੁਰਾਕ ਦਾ ਹਿੱਸਾ ਰਹਿੰਦਾ ਹੈ। ਦੁੱਧ ਇਕ ਸੰਪੂਰਣ ਅਤੇ ਸੰਤੁਲਿਤ ਖੁਰਾਕ ਹੈ, ਇਸ ਲਈ ਦੁੱਧ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਕੁੱਝ ਮੁਨਾਫ਼ਾਖੋਰ ਲੋਕਾਂ ਵਲੋਂ ਦੁੱਧ ਦੀ ਮਾਤਰਾ ਵਧਾਉਣ, ਦੁੱਧ ਨੂੰ ਵਧੇਰੇ ਸਮੇਂ ਲਈ ਵਰਤੋਂ ਯੋਗ ਰੱਖਣ ਤੇ ਖੱਟੇ ਹੋਣ ਤੋਂ ਬਚਾਉਣ ਲਈ ਪਾਣੀ, ਗਲੂਕੋਜ਼, ਖੰਡ, ਸਟਾਰਚ, ਕਣਕ ਦਾ ਆਟਾ, ਆਮ ਨਮਕ, ਬੇਕਿੰਗ ਸੋਡਾ, ਕਪੜੇ ਧੋਣ ਵਾਲਾ ਸੋਡਾ, ਯੂਰੀਆ, ਹਾਈਡ੍ਰੋਜਨ ਪਰਆਕਸਾਈਡ ਤੇ ਫਾਰਮਾਲਿਨ ਆਦਿ ਦੀ ਵਰਤੋਂ ਕਰਕੇ ਦੁੱਧ ਵਿਚ ਮਿਲਾਵਟ ਕਰਦੇ ਹਨ, ਜੋ ਸਰੀਰ ਲਈ ਹਾਨੀਕਾਰਕ ਹਨ।

ਖਪਤਕਾਰ ਉਪਰੋਕਤ ਦੱਸੇ ਦਿਨਾਂ ‘ਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸਾਫ਼ ਤੇ ਸੁੱਕੇ ਕੱਚ ਜਾਂ ਪਲਾਸਟਿਕ ਦੀ ਬੋਤਲ ‘ਚ ਘੱਟੋ-ਘੱਟ 100 ਮਿਲੀਲੀਟਰ ਕੱਚੇ ਦੁੱਧ ਦੇ ਠੰਢੇ ਕੀਤੇ ਨਮੂਨੇ ਲਿਆ ਸਕਦੇ ਹਨ। ਇਨ੍ਹਾਂ ਬੋਤਲਾਂ ‘ਤੇ ਵਿਅਕਤੀ ਦਾ ਨਾਂਅ ਅਤੇ ਸੰਪਰਕ ਨੰਬਰ ਲਿਖਿਆ ਹੋਣਾ ਚਾਹੀਦਾ ਹੈ। ਦੁੱਧ ਦੇ ਨਮੂਨਿਆਂ ਦਾ ਕਾਲਜ ਵਿਖੇ ਵਿਸ਼ਲੇਸ਼ਣ ਕੀਤਾ ਜਾਵੇਗਾ ਅਤੇ ਦੁੱਧ ਦੀ ਗੁਣਵੱਤਾ ਦੇ ਨਤੀਜੇ ਅਗਲੇ ਦਿਨ ਵਟਸਐਪ ਜਾਂ ਟੈਕਸਟ ਮੈਸੇਜ ਰਾਹੀਂ ਦੱਸੇ ਜਾਣਗੇ।

ਉਨ੍ਹਾਂ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਕਾਲਜ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ ਨੇ ਦੁੱਧ ਵਿਚ ਮਿਲਾਵਟ ਦੀ ਜਾਂਚ ਸੰਬੰਧੀ ਕੈਂਪ ਲਗਾਉਣ ‘ਚ ਮੋਹਰੀ ਭੂਮਿਕਾ ਨਿਭਾਈ ਹੈ। ਡਾ. ਰਮਨੀਕ ਡੀਨ ਕਾਲਜ ਆਫ਼ ਡੇਅਰੀ ਸਾਇੰਸ ਤੇ ਤਕਨਾਲੋਜੀ ਨੇ ਇਸ ਕੈਂਪ ਸੰਬੰਧੀ ਡਾ. ਇੰਦਰਪ੍ਰੀਤ ਕੌਰ, ਡਾ. ਵੀਨਾ ਐਨ. ਅਤੇ ਡਾ. ਨਿਤਿਕਾ ਗੋਇਲ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦੁੱਧ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਮਹੱਤਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਯਤਨ ਕੀਤਾ ਹੈ।

Facebook Comments

Trending

Copyright © 2020 Ludhiana Live Media - All Rights Reserved.