ਖੇਤੀਬਾੜੀ

ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਲਗਾਤਾਰ ਸਰਵੇਖਣ ਜ਼ਰੂਰੀ

Published

on

ਲੁਧਿਆਣਾ : ਪੰਜਾਬ ਵਿੱਚ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲਿਆਂ ਤੋਂ ਬਚਾਉਣ ਲਈ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਮਾਹਿਰਾਂ ਦੀ ਟੀਮ ਨਾਲ ਨਰਮਾ ਪੱਟੀ ਦਾ ਦੌਰਾ ਕੀਤਾ | ਇਸ ਟੀਮ ਵਿੱਚ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੋਜ ਸਟੇਸ਼ਨ ਤੋਂ ਡਾ. ਪਰਮਜੀਤ ਸਿੰਘ, ਡਾ. ਵਿਜੈ ਕੁਮਾਰ, ਡਾ. ਰਾਜਿੰਦਰ ਕੌਰ, ਡਾ. ਕੇ ਐੱਸ ਸੇਖੋਂ, ਡਾ. ਅਮਰਜੀਤ ਸਿੰਘ ਅਤੇ ਡਾ. ਜਸਪਿੰਦਰ ਕੌਰ ਸ਼ਾਮਿਲ ਸਨ |

ਗੁਲਾਬੀ ਸੁੰਡੀ ਨਾਲ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਤੇ ਚਿੰਤਾ ਪ੍ਰਗਟ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਉੱਤਰੀ ਭਾਰਤ ਵਿੱਚ ਨਰਮੇ ਦੇ ਖੇਤਾਂ ਤੇ ਇਹ ਸੁੰਡੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸਨੂੰ ਨਜਿੱਠਣ ਲਈ ਲਗਾਤਾਰ ਸਰਵੇਖਣ ਅਤੇ ਤੁਰੰਤ ਕਾਰਵਾਈ ਕਰਨਾ ਅਤਿ ਜ਼ਰੂਰੀ ਹੈ | ਉਹਨਾਂ ਦੱਸਿਆ ਕਿ ਸਰਵੇਖਣ ਦੌਰਾਨ ਇਹ ਪਤਾ ਚਲਿਆ ਹੈ ਕਿ ਅਗੇਤੀ ਬੀਜੀ ਫ਼ਸਲ, ਜੋ ਕਿ 60 ਤੋਂ 80 ਦਿਨਾਂ ਦੀ ਹੈ ਉੱਤੇ ਇਹ ਸੁੰਡੀ ਜ਼ਿਆਦਾ ਹਮਲਾ ਕਰਦੀ ਹੈ ਅਤੇ 15 ਪ੍ਰਤੀਸ਼ਤ ਫ਼ਸਲ ਨੂੰ ਇਸਦੀ ਲਾਗ ਲੱਗ ਜਾਂਦੀ ਹੈ |

ਡਾ. ਅਜਮੇਰ ਸਿੰਘ ਢੱਟ ਨੇ ਨਰਮੇ ਦੀ ਫ਼ਸਲ ਤੇ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਦਾ ਹਦਾਇਤਾਂ ਮੁਤਾਬਕ ਤੁਰੰਤ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਸੰਬੰਧੀ ਸਾਵਧਾਨ ਰਹਿਣ ਲਈ ਕਿਹਾ | ਡਾ. ਵਿਜੇ ਕੁਮਾਰ ਨੇ ਇਸ ਸੁੰਡੀ ਦੀ ਰੋਕਥਾਮ ਲਈ ਨਰਮੇ ਦੇ ਫੁੱਲਾਂ ਅਤੇ ਬਾਲਜ਼ ਉੱਪਰ ਨਜ਼ਰ ਰੱਖਣ ਦਾ ਸੁਝਾਅ ਦਿੱਤਾ | ਇਸ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਵੱਖੋ-ਵੱਖ ਥਾਵਾਂ ਤੋਂ ਘੱਟੋ-ਘੱਟ 100 ਫੁੱਲਾਂ ਖਾਸ ਤੌਰ ਤੇ ਗੁਲਾਬੀ ਫੁੱਲਾਂ ਦਾ ਸਰਵੇਖਣ ਕਰਨ ਲਈ ਕਿਹਾ |

ਗੁਲਾਬੀ ਸੁੰਡੀ ਦੀ ਮੌਜੂਦਗੀ ਮਿਲਣ ਤੇ ਉਨ੍ਹਾਂ ਨੇ 100 ਗ੍ਰਾਮ ਇਮੈਮਕਟਿਨ ਬੈਂਜ਼ੋਏਟ 5 ਐੱਸ ਜੀ (ਪ੍ਰੋਕਲੇਮ), 500 ਮਿ.ਲੀ. ਪ੍ਰੋਫੈਨੋਫੋਸ, 50 ਈਸੀ (ਕਿਊਰਾਕਰੋਨ), 200 ਮਿ.ਲੀ. ਇੰਡੋਕਸਾਕਾਰਬ, 145 ਐੱਸ ਸੀ (ਐਵਾਊਂਟ) ਜਾਂ 250 ਗ੍ਰਾਮ ਥਿਓਡੀਕਾਰਬ 75 ਡਬਲਯੂ ਪੀ (ਲਾਰਵਿਨ) ਪ੍ਰਤੀ ਏਕੜ ਦੇ ਛਿੜਕਾਅ ਨਾਲ ਇਸ ਸੁੰਡੀ ਦੀ ਲਾਗ ਨੂੰ ਖਤਮ ਕਰ ਲਈ ਕਿਹਾ |

ਗੁਲਾਬੀ ਸੁੰਡੀ ਦੇ ਹਮਲਿਆਂ ਤੋਂ ਨਰਮੇ ਦੀ ਫ਼ਸਲ ਨੂੰ ਬਚਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਜਿੱਥੇ ਆਪਣੇ ਖੋਜ ਕਾਰਜਾਂ ਰਾਹੀਂ ਠੋਸ ਕਦਮ ਚੁੱਕ ਰਹੀ ਹੈ ਉਥੇ ਨਰਮਾ ਕਾਸ਼ਤਕਾਰਾਂ ਨੂੰ ਵੀ ਚੁਕੰਨੇ ਰਹਿਣ ਅਤੇ ਰੋਕਥਾਮ ਲਈ ਸਿਫ਼ਾਰਸ਼ ਕੀਤੇ ਢੰਗ ਤਰੀਕੇ ਅਪਨਾਉਣ ਲਈ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਚਿੱਟੇ ਸੋਨੇ ਵਰਗੀ ਵੱਡਮੁੱਲੀ ਫ਼ਸਲ ਨੂੰ ਬਚਾਇਆ ਜਾ ਸਕੇ |

Facebook Comments

Trending

Copyright © 2020 Ludhiana Live Media - All Rights Reserved.