ਪੰਜਾਬੀ

ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਸੰਕਲਪ ਦਿਵਸ ਦਾ ਆਯੋਜਨ

Published

on

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਨਵੇਂ ਵਿੱਦਿਅਕ ਵਰ੍ਹੇ ਦੇ ਸ਼ੁੱਭ ਆਰੰਭ ਮੌਕੇ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਕਾਲਜ ਵਿੱਚ ਆਰੰਭ ਕੀਤੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਬਾਬਾ ਗੁਰਮੁਖ ਸਿੰਘ ਹਾਲ ਵਿਖੇ ਪਏ ਗਏ,ਇਹ ਨਵਾਂ ਸੈਸ਼ਨ ਸੰਕਲਪ ਦਿਵਸ ਵਜੋਂ ਮਨਾਇਆ ਗਿਆ।

ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸ਼ੁੱਭ ਅਵਸਰ ‘ਤੇ ਪ੍ਰਿੰਸੀਪਲ ਸੁਖਵੰਤ ਸਿੰਘ (ਜਵੱਦੀ ਟਕਸਾਲ)ਅਤੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ ਰਾਗੀ ਜੱਥੇ ਨੇ ਆਨੰਦਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।

ਇਸ ਮੌਕੇ ਡਾ. ਦਲੀਪ ਸਿੰਘ ਦੀਪ ਦੀ ਪੁਨਰ ਪ੍ਰਕਾਸ਼ਿਤ ਪੁਸਤਕ “ਜਪੁਜੀ ਇੱਕ ਤੁਲਨਾਤਮਕ ਅਧਿਐਨ ” ਰਲੀਜ਼ ਕੀਤੀ ਗਈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸੰਤ ਗਿਆਨੀ ਹਰਭਜਨ ਸਿੰਘ ਜੀ ਢੁੱਡੀਕੇ ਨੇ ਇਹ ਪੁਸਤਕ ਸੰਗਤ ਨੂੰ ਅਰਪਣ ਕੀਤੀ।

ਪੰਜਾਬੀ ਸਾਹਿਤ ਖੇਤਰ ਦੀ ਨਾਮਵਰ ਸਖ਼ਸ਼ੀਅਤ ਡਾ. ਸੁਰਜੀਤ ਪਾਤਰ, ਉਸਮਾਨ ਉੱਲ ਰਹਿਮਾਨੀ ਲੁਧਿਆਣਵੀ (ਸ਼ਾਹੀ ਇਮਾਮ ਪੰਜਾਬ), ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਹਰਭਜਨ ਸਿੰਘ ਅਤੇ ਸ੍ਰ .ਰਣਜੋਧ ਸਿੰਘ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ। ਉਹਨਾਂ ਨੇ ਕਿਹਾ ਕਿ ਇਹ ਪੁਸਤਕ ਗਿਆਨ ਦਾ ਅਥਾਹ ਸੋਮਾ ਹੈ ,ਇਸਨੂੰ ਦੁਬਾਰਾ ਪ੍ਰਕਾਸ਼ਿਤ ਕਰਨਾ ਬਹੁਤ ਮਾਣ ਵਾਲੀ ਗੱਲ ਹੈ।

ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਲੁਧਿਆਣਾ ਵੱਲੋਂ ਗਿਆਨੀ ਭਗਤ ਸਿੰਘ ਜੀ ਦੀ ਯਾਦ ਵਿੱਚ ” ਗਿਆਨੀ ਭਗਤ ਸਿੰਘ ਯਾਦਗਾਰੀ ਸ਼੍ਰੋਮਣੀ ਰਾਗੀ ਐਵਾਰਡ” ਦੀ ਸ਼ੁਰੂਆਤ ਕੀਤੀ ਗਈ ਤੇ ਮੈਂ ਅੱਜ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਅਤੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਨੂੰ ਇਹ ਅਵਾਰਡ ਦੇਕੇ ਸਨਮਾਨਿਤ ਕੀਤਾ ਗਿਆ।

ਪ੍ਰਿੰਸੀਪਲ ਜਸਪਾਲ ਕੌਰ ਨੇ ਕਾਲਜ ਵਿੱਚ ਨਵਾਂ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਨੂੰ ਸਾਰਾ ਸਾਲ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਕਿਹਾ, ਕਾਲਜ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਦਸਿਆ ਕਿ ਚੰਗੇ ਨਤੀਜੇ ਕਰੜੀ ਮਿਹਨਤ ਅਤੇ ਪ੍ਰਮਾਤਮਾ ਦੀ ਮਿਹਰ ਸਦਕਾ ਹੀ ਪ੍ਰਾਪਤ ਹੁੰਦੇ ਹਨ।

ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ .ਰਣਜੋਧ ਸਿੰਘ ਨੇ ਵਿਦਿਆਰਥੀਆਂ ਨੂੰ ਨਵੇਂ ਵਿਦਿਅਕ ਵਰ੍ਹੇ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਬਹੁਤ ਤਰੱਕੀਆਂ ਕਰੋ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਸ੍ਰ .ਗੁਰਚਰਨ ਸਿੰਘ ਲੋਟੇ ਜੀ ਨੇ ਸਾਰੀਆਂ ਵਿਦਿਆਰਥਣਾਂ ਨੂੰ ਨਵੇਂ ਵਿਦਿਅਕ ਸੈਸ਼ਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ।

ਸਮਾਗਮ ਵਿੱਚ ਸੰਗਤ ਰੂਪ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਨੂੰ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਸਨਮਾਨਤ ਕੀਤਾ ਗਿਆ। ਇਸ ਅਵਸਰ ‘ਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਵੀ ਗੁਰੂ ਚਰਨਾਂ ਵਿਚ ਹਾਜ਼ਰੀ ਭਰੀ।

Facebook Comments

Trending

Copyright © 2020 Ludhiana Live Media - All Rights Reserved.