ਪੰਜਾਬ ਨਿਊਜ਼

ਇਸਲਾਮ ਤੇ ਮੁਸਲਮਾਨਾਂ ਖਿਲਾਫ਼ ਟਿੱਪਣੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ : ਸ਼ਾਹੀ ਇਮਾਮ ਪੰਜਾਬ

Published

on

ਲੁਧਿਆਣਾ : ਬੀਤੇ ਦਿਨੀ ਪਟਿਆਲਾ ’ਚ ਧਰਮ ਦੇ ਨਾਮ ’ਤੇ ਅਮਨ ਅਤੇ ਭਾਈਚਾਰੇ ਨੂੰ ਤੋੜਣ ਲਈ ਕੀਤੀ ਗਈ ਹਿੰਸਾ ਨੂੰ ਪੰਜਾਬ ਖਿਲਾਫ਼ ਨਾਪਾਕ ਸਾਜਿਸ਼ ਦੱਸਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਇਸਦੀ ਸਖ਼ਤ ਨਿੰਦਿਆ ਕੀਤੀ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਪਟਿਆਲਾ ਹਿੰਸਾ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵਿਦੇਸ਼ੀ ਤੇ ਦੇਸੀ ਕੱਟਰਪੰਥੀ ਆਪਸ ’ਚ ਤਾਲ-ਮੇਲ ਬਣਾ ਕੇ ਪੰਜਾਬ ਦੇ ਅਮਨ ਤੇ ਭਾਈਚਾਰੇ ਖਿਲਾਫ਼ ਘਿਨੌਨੀ ਸਾਜਿਸ਼ ਰਚ ਰਹੇ ਹਨ।

ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਕਿਹਾ ਕਿ ਸਿਰਫ ਆਪਣਾ ਵਜੂਦ ਬਚਾਉਣ ਲਈ ਵਿਦੇਸ਼ ’ਚ ਬੈਠੇ ਅੱਤਵਾਦੀਆਂ ਦਾ ਨਾਮ ਲੈ ਕੇ ਪੂਰੇ ਪੰਜਾਬੀ ਭਾਈਚਾਰੇ ਅਤੇ ਇਕ ਧਰਮ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣਾ ਸ਼ਰਮ ਦੀ ਗੱਲ ਹੈ। ਉਨਾਂ ਕਿਹਾ ਕਿ ਇਹ ਤਸਵੀਰ ਬਿਲਕੁਲ ਸਾਫ਼ ਹੈ ਕਿ ਕੌਣ ਕੀ ਖੇਡ ਖੇਡ ਰਿਹਾ ਹੈ ਲੇਕਿਨ ਧਰਮ ਦੇ ਨਾਮ ’ਤੇ ਇਹ ਗੁੰਡਾਗਰਦੀ ਪੰਜਾਬ ’ਚ ਨਹੀ ਚੱਲਣ ਦਿੱਤੀ ਜਾਵੇਗੀ।

ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪਟਿਆਲਾ ਹਿੰਸਾ ਦੌਰਾਨ ਕੁੱਝ ਅਜਿਹੀਆਂ ਭੜਕਾਊ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਸ ’ਚ ਇਹ ਕਿਹਾ ਜਾ ਰਿਹਾ ਹੈ ਕਿ ਮੁਸਲਮਾਨਾਂ ਅਤੇ ਇਸਲਾਮ ਨੂੰ ਦੇਸ਼ ’ਚ ਰਹਿਣ ਦਾ ਕੋਈ ਹੱਕ ਨਹੀਂ, ਇਹ ਕਹਿਣ ਵਾਲੇ ਉਹੀ ਹਨ ਜੋ 6 ਜੂਨ ਨੂੰ ਕਦੇ ਵੀ ਭੜਕਾਊ ਭਾਸ਼ਣ ਦੇਣ ਤੋਂ ਪਿੱਛੇ ਨਹੀਂ ਹੱਟਦੇ। ਸ਼ਾਹੀ ਇਮਾਮ ਨੇ ਕਿਹਾ ਕਿ ਅਸੀ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਰੰਤ ਇਹਨਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ।

ਸ਼ਾਹੀ ਇਮਾਮ ਨੇ ਕਿਹਾ ਕਿ ਧਮਕੀਆਂ ਅਤੇ ਬਦਮਾਸ਼ੀ ਕਿਸੇ ਦੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਇਸ ਧਰਤੀ ’ਤੇ ਸਦੀਆਂ ਤੋਂ ਸਾਰੇ ਧਰਮਾਂ ਦਾ ਸਨਮਾਨ ਹੁੰਦਾ ਆਇਆ ਹੈ ਤੇ ਹੁੰਦਾ ਰਹੇਗਾ। ਸ਼ਾਹੀ ਇਮਾਮ ਨੇ ਦੱਸਿਆ ਕਿ ਪੰਜਾਬ ਦੇ ਮੁਸਲਮਾਨਾਂ ਦਾ ਇਕ ਵਫਦ ਜਲਦੀ ਹੀ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਐਸ.ਐਸ.ਪੀ ਪਟਿਆਲਾ ਦੇ ਨਾਲ ਮਿਲ ਕੇ ਪਟਿਆਲਾ ਹਿੰਸਾਂ ’ਚ ਮੁਸਲਮਾਨਾਂ ਦੇ ਖਿਲਾਫ਼ ਭੜਕਾਊ ਭਾਸ਼ਣ ਦੇਣ ਤੇ ਇਸਲਾਮ ਧਰਮ ਦੀ ਬੇਅਦਬੀ ਕਰਣ ਵਾਲੀਆਂ ਦੇ ਖਿਲਾਫ ਉਨਾਂ ਦੀ ਸ਼ਨਾਖ਼ਤ ਦੇ ਨਾਲ ਮੁਕੱਦਮਾ ਦਰਜ ਕਰਣ ਲਈ ਸ਼ਿਕਾਇਤ ਦੇਣਗੇ।

Facebook Comments

Trending

Copyright © 2020 Ludhiana Live Media - All Rights Reserved.