ਜਗਰਾਓਂ /ਲੁਧਿਆਣਾ : ਸਿਵਲ ਹਸਪਤਾਲ ਦੇ ਦੌਰੇ ‘ਤੇ ਪੁੱਜੇ ਸੀ.ਐਮ.ਓ. ਐਸ.ਪੀ. ਸਿੰਘ ਜਦੋਂ ਹਸਪਤਾਲ ‘ਚ ਆਏੇ ਤਾਂ ਐਸ.ਐਮ. ਓ. ਖੁਦ ਹੀ ਹਸਪਤਾਲ ‘ਚ ਹਾਜ਼ਰ ਨਹੀਂ ਸੀ ਤੇ ਕਰੀਬ ਪੌਣਾ ਘੰਟਾ ਦੇਰੀ ਨਾਲ ਹਸਪਤਾਲ ‘ਚ ਪੁੱਜਾ। ਐਸ.ਪੀ. ਸਿੰਘ ਵਲੋਂ ਹਸਪਤਾਲ ਦੇ ਸਮੁੱਚੇ ਵਾਰਡਾਂ, ਓ.ਪੀ.ਡੀ. ‘ਚ ਡਾਕਟਰਾਂ ਦੀ ਹਾਜ਼ਰੀ ਤੇ ਲੈਬਾਰਟਰੀ ਵੀ ਚੈੱਕ ਕੀਤੀ ਤੇ ਮਰੀਜ਼ਾਂ ਦਾ ਖੁਦ ਕੋਲ ਜਾ ਕੇ ਹਾਲ ਵੀ ਪੁੱਛਿਆ।
ਇਸ ਮੌਕੇ ਇਕ ਮਰੀਜ਼ ਨੇ ਵੀ ਸੀ.ਐਮ.ਓ. ਕੋਲ ਸਿਹਤ ਸੇਵਾਵਾਂ ਲੈਣ ਲਈ ਰੁਲਣ ਦੀ ਸ਼ਿਕਾਇਤ ਕੀਤੀ। ਗੱਲਬਾਤ ਦੌਰਾਨ ਸੀ.ਐਮ.ਓ. ਐਸ.ਪੀ. ਸਿੰਘ ਨੇ ਕਿਹਾ ਕਿ ਉਹ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਇੱਥੇ ਪੁੱਜੇ ਹਨ ਤੇ ਇਹ ਦੇਖਣਾ ਚਾਹੁੰਦੇ ਹਨ ਕਿ 1 ਨੰਬਰ ਦਾ ਹਸਪਤਾਲ 21ਵੇਂ ਨੰਬਰ ‘ਤੇ ਕਿਵੇਂ ਚਲਾ ਗਿਆ। ਉਨ੍ਹਾਂ ਪੱਤਰਕਾਰਾਂ ਵਲੋਂ ਡੋਪ ਟੈਸਟਾਂ ‘ਚ ਹੁੰਦੇ ਭਿ੍ਸ਼ਟਾਚਾਰ ਸਬੰਧੀ ਪੁੱਛੇ ਸਵਾਲ ਨੂੰ ਗੋਲ ਕੀਤਾ ਤੇ ਜਵਾਬ ਤੋਂ ਭੱਜਦੇ ਨਜ਼ਰ ਆਏ।
ਵਿਧਾਇਕਾ ਬੀਬੀ ਮਾਣੂੰਕੇ ਨੇ ਅੱਜ ਦੂਸਰੇ ਦਿਨ ਵੀ ਹਸਪਤਾਲ ਦਾ ਦੌਰਾ ਕੀਤਾ ਤੇ ਸੀ.ਐਮ.ਓ. ਨਾਲ ਮਿਲ ਕੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ | ਬੀਬੀ ਮਾਣੂੰਕੇ ਨੇ ਦੱਸਿਆ ਕਿ ਉਹ ਹਸਪਤਾਲ ‘ਚ ਲੋਕਾਂ ਨੂੰ ਬੇਹਤਰ ਸਿਹਤ ਸੇਵਾਵਾਂ ਦਿਵਾਉਣ ਲਈ ਜੁੜੇ ਰਹਿਣਗੇ।