ਪੰਜਾਬ ਨਿਊਜ਼

ਪੰਜਾਬ ‘ਚ ਸਿੱਖਿਆ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਟ੍ਰੇਨਿੰਗ ਦੁਆਵੇਗੀ ਸਰਕਾਰ

Published

on

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਕੂਲ ਮੁਖੀਆਂ ਤੇ ਸਿੱਖਿਆ ਅਧਿਕਾਰੀਆਂ ਤੋਂ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਸੁਧਾਰਨ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਤੁਹਾਡੀ ਕਾਬਲੀਅਤ ‘ਚ ਕੋਈ ਕਮੀ ਨਹੀਂ ਹੈ ਪਰ ਇੰਨਫਰਾਸਟਰੱਕਚਰ ਕਾਰਨ ਤੁਹਾਨੂੰ ਉਹ ਮਾਹੌਲ ਨਹੀਂ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਦਾ ਸਾਰਾ ਦਿਨ ਤਾਂ ਅਫ਼ਸਰਾਂ ਨੂੰ ਫਾਈਲਾਂ ਪਹੁੰਚਾਉਣ ‘ਚ ਹੀ ਲੱਗ ਜਾਂਦਾ ਹੈ ਤਾਂ ਫਿਰ ਬੱਚਿਆਂ ਦੀ ਪੜ੍ਹਾਈ ਵੱਲ ਉਹ ਕੀ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਸਰਕਾਰੀ ਸਹੂਲਤਾਂ ਤੋਂ ਭਰੋਸਾ ਉੱਠ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲ ਮੁਖੀਆਂ ਨੂੰ ਦਿੱਲੀ ਸਕੂਲਾਂ ਦੇ ਦੌਰੇ ‘ਤੇ ਲਿਜਾਇਆ ਜਾਵੇਗਾ। ਬੱਚਿਆਂ ‘ਚ ਆਤਮ ਵਿਸ਼ਵਾਸ ਪੈਦਾ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਤਾਰੀਖ਼ ‘ਚ 80-90 ਫ਼ੀਸਦੀ ਨੰਬਰਾਂ ਨੂੰ ਨੰਬਰ ਹੀ ਨਹੀਂ ਸਮਝਿਆ ਜਾ ਰਿਹਾ।

ਉਨ੍ਹਾਂ ਕਿਹਾ ਕਿ ਬੱਚਿਆਂ ‘ਚ ਇਹ ਪਰਸੈਂਟੇਜ ਦਾ ਚੱਕਰ ਕੱਢ ਕੇ ਉਨ੍ਹਾਂ ‘ਚ ਵਿਸ਼ਵਾਸ ਪੈਦਾ ਕਰਨਾ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਹਰ ਬੱਚਾ ਹੀ ਪਹਿਲੇ ਨੰਬਰ ‘ਤੇ ਆਵੇ। ਭਗਵੰਤ ਮਾਨ ਨੇ ਕਿਹਾ ਕਿ ਉਹ ਪਹਿਲੇ ਨੰਬਰ ‘ਤੇ ਆਉਣ ਵਾਲਿਆਂ ਬੱਚਿਆਂ ਨੂੰ ਵੀ ਇਹੀ ਕਹਿਣਗੇ ਕਿ ਹੰਕਾਰ ਨਹੀਂ ਕਰਨਾ। ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਦਾ ਹੌਂਸਲਾ ਵਧਾਉਣਾ ਹੈ। ਭਗਵੰਤ ਮਾਨ ਨੇ ਸਕੂਲ ਮੁਖੀਆਂ ਤੋਂ ਪੁੱਛਿਆ ਕਿ ਬੱਚਿਆਂ ਦੀ ਪੜ੍ਹਾਈ ਦੇ ਸੁਧਾਰ ਲਈ ਕੀ ਕੀਤਾ ਜਾ ਸਕਦਾ ਹੈ, ਉਸ ਬਾਰੇ ਉਨ੍ਹਾਂ ਨੂੰ ਸੁਝਾਅ ਦੇਣ।

ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਸਕੂਲ ਮੁਖੀਆਂ ਨੂੰ ਫਿਨਲੈਂਡ, ਸਿੰਗਾਪੁਰ, ਆਕਸਫੋਰਡ ਆਦਿ ‘ਚ ਸਰਕਾਰ ਆਪਣੇ ਖ਼ਰਚੇ ‘ਤੇ ਪ੍ਰੋਫੈਸ਼ਨਲ ਟ੍ਰੇਨਿੰਗ ਦੁਆ ਕੇ ਲਿਆਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਦਾ ਸਿੱਖਿਆ ਦਾ ਸਿਸਟਮ ਬਾ-ਕਮਾਲ ਹੈ, ਉੱਥੇ ਅਧਿਆਪਕਾਂ ਨੂੰ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਲਈ ਸਰਕਾਰ ਕੋਲ ਪੈਸੇ ਘੱਟ ਨਹੀਂ ਹਨ। ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਸਕੂਲਾਂ ਦੇ ਮਾਲਕ ਤੁਸੀਂ ਹੋ ਅਤੇ ਸਕੂਲਾਂ ਦੀਆਂ ਸਮੱਸਿਆਵਾਂ ਵੀ ਤੁਸੀਂ ਹੀ ਹੱਲ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੈਸਟ ਪ੍ਰਿੰਸੀਪਲ, ਬੈਸਟ ਟੀਚਰ ਅਤੇ ਬੈਸਟ ਵਾਈਸ ਪ੍ਰਿੰਸੀਪਲ ਦੇ ਐਵਾਰਡ ਵੀ ਸ਼ੁਰੂ ਕੀਤੇ ਜਾਣਗੇ।

Facebook Comments

Trending

Copyright © 2020 Ludhiana Live Media - All Rights Reserved.