ਇੰਡੀਆ ਨਿਊਜ਼

ਭਾਰਤ ਨਾਲ ਲਗਦੇ ਇਨ੍ਹਾਂ ਵਿਵਾਦਤ ਇਲਾਕਿਆਂ ’ਚ ਆਪਣੇ ਪਿੰਡ ਵਸਾ ਰਿਹੈ ਚੀਨ

Published

on

ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤ ਅਤੇ ਚੀਨ ਵਿਚਾਲੇ ਐਲ. ਏ.ਸੀ. ਤੇ ਚੱਲ ਰਹੇ ਤਣਾਅ ਦੌਰਾਨ ਅਮਰੀਕੀ ਰਖਿਆ ਮੰਤਰਾਲੇ (ਪੈਂਟਾਗਨ) ਦੀ ਇਕ ਰਿਪੋਰਟ ਨੇ ਵੱਡਾ ਪ੍ਰਗਟਾਵਾ ਕੀਤਾ ਹੈ। ਭਾਰਤ ਨਾਲ ਲਗਦੇ ਵਿਵਾਦਤ ਇਲਾਕਿਆਂ ਵਿਚ ਚੀਨ ਅਪਣੇ ਪਿੰਡ ਵਸਾ ਰਿਹਾ ਹੈ। ਪੈਂਟਾਗਨ ਦੀ ਰਿਪੋਰਟ ਵਿਚ ਅਰੁਣਾਂਚਲ ਪ੍ਰਦੇਸ਼ ਨਾਲ ਲਗਦੇ ਵਿਵਾਦਤ ਇਲਾਕੇ ਵਿਚ 100 ਘਰਾਂ ਵਾਲੇ ਪਿੰਡ ਦਾ ਜ਼ਿਕਰ ਖ਼ਾਸ ਤੌਰ ’ਤੇ ਕੀਤਾ ਗਿਆ ਹੈ। ਸੈਟੇਲਾਈਟ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਚੀਨ ਨੇ ਇਸ ਵਿਵਾਦਤ ਇਲਾਕੇ ’ਚ ਕਈ ਬਹੁਮੰਜ਼ਲਾ ਇਮਰਤਾਂ ਦਾ ਨਿਰਮਾਣ ਕੀਤਾ ਹੋਇਆ ਹੈ। ਪੈਂਟਾਗਨ ਨੇ ਭਾਰਤ-ਚੀਨ ਵਿਚਾਲੇ ਐਲ.ਏ.ਸੀ. ਦੀ ਸਥਿਤੀ ਨੂੰ ਲੈ ਕੇ 192 ਸਫ਼ਿਆਂ ਦੀ ਰਿਪੋਰਟ ਪੇਸ਼ ਕੀਤੀ ਹੈ।

ਅਮਰੀਕੀ ਰਖਿਆ ਮੰਤਰਾਲੇ (ਪੈਂਟਾਗਨ) ਨੇ ਅਮਰੀਕੀ ਕਾਂਗਰਸ (ਸੰਸਦ) ਨੂੰ ਸੌਂਪੀ ਅਪਣੀ ਰਿਪੋਰਟ ਵਿਚ ਭਾਰਤ ਨਾਲ ਲਗਦੀ ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਚੀਨ ਦੇ ਵਧਦੇ ਬੁਨਿਆਦੀ ਢਾਂਚੇ ਦਾ ਜ਼ਿਕਰ ਕੀਤਾ ਹੈ। ‘ਮਿਲਟਰੀ ਐਂਡ ਸਕਿਓਰਿਟੀ ਡਿਵੈਲਪਮੈਂਟਸ ਇਨਵਾਲਵਿੰਗ ਪੀਪਲਜ਼ ਰਿਪਬਲਿਕ ਆਫ਼ ਚਾਈਨਾ-2021’ ਨਾਂ ਦੀ ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਦੇ ਇਸ ਬੁਨਿਆਦੀ ਢਾਂਚੇ ਕਾਰਨ ਭਾਰਤ ਦੀ ਸਰਕਾਰ ਤੇ ਮੀਡੀਆ ਦੀਆਂ ਚਿੰਤਾਵਾਂ ਲਗਾਤਾਰ ਵਧ ਰਹੀਆਂ ਹਨ। ਰਿਪੋਰਟ ਮੁਤਾਬਕ ਇਸ ਦੇ ਬਾਵਜੂਦ ਚੀਨ ਇਸ ਦੇ ਉਲਟ ਐਲਏਸੀ ’ਤੇ ਭਾਰਤ ਦੇ ਨਿਰਮਾਣ ਕਾਰਜਾਂ ਨੂੰ ਵਿਵਾਦ ਦਾ ਕਾਰਨ ਦਸਦਾ ਹੈ।


ਉੱਥੇ ਹੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਚੀਨ ਦੇ ਇਸ ਪਿੰਡ ਨੂੰ ਲੈ ਕੇ ਭਾਰਤੀ ਮੀਡੀਆ ’ਚ ਖਬਰਾਂ ਆ ਚੁਕੀਆਂ ਹਨ। ਇਸ ਦੌਰਾਨ ਪਿੰਡ ਦੀਆਂ ਸੈਟੇਲਾਈਟ ਤਸਵੀਰਾਂ ਸਾਹਮਣੇ ਆਈਆਂ। ਇਹ ਪਿੰਡ ਜਿਸ ਇਲਾਕੇ ਵਿਚ ਸਥਿਤ ਹੈ, ਉਹ ‘62 ਦੀ ਜੰਗ ਤੋਂ ਪਹਿਲਾਂ ਚੀਨ ਦੇ ਕਬਜ਼ੇ ਹੇਠ ਸੀ। ਅਰੁਣਾਚਲ ਤੋਂ ਇਲਾਵਾ, ਚੀਨ ਐਲਏਸੀ ਦੇ ਨੇੜੇ ਦੇ ਖੇਤਰਾਂ ਵਿਚ ਵੀ ਅਜਿਹੇ ਪਿੰਡਾਂ ਦੀ ਸਥਾਪਨਾ ਕਰ ਰਿਹਾ ਹੈ ਜਿਨ੍ਹਾਂ ਨੂੰ ਜੰਗ ਦੇ ਸਮੇਂ ਸੈਨਿਕਾਂ ਲਈ ਬੈਰਕਾਂ ਵਜੋਂ ਵਰਤਿਆ ਜਾ ਸਕਦਾ ਹੈ।ਫ਼ਿਲਹਾਲ ਪੈਂਟਾਗਨ ਦੀ ਰਿਪੋਰਟ ’ਤੇ ਭਾਰਤ ਸਰਕਾਰ ਜਾਂ ਭਾਰਤੀ ਫ਼ੌਜ ਵਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਪੈਂਟਾਗਨ ਦੀ ਇਸ 192 ਸਫ਼ਿਆਂ ਦੀ ਰਿਪੋਰਟ ਵਿਚ ਚੀਨ ਦੀ ਵਧਦੀ ਫ਼ੌਜੀ ਸ਼ਕਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ ਗਈ ਹੈ। ਇਸ ਵਿਚ ਚੀਨ ਦੇ ਪਰਮਾਣੂ ਹਥਿਆਰਾਂ ਤੋਂ ਲੈ ਕੇ ਪੀਐਲਏ (ਨੇਵੀ) ਦੇ ਜੰਗੀ ਬੇੜੇ ਤਕ ਤੇ ਤਾਈਵਾਨ ’ਤੇ ਚੀਨ ਦੀ ਲਗਾਤਾਰ ਸਖ਼ਤ ਹੋ ਰਹੀ ਪਕੜ ਨੂੰ ਵੀ ਦਸਿਆ ਗਿਆ ਹੈ।

 

 

Facebook Comments

Trending

Copyright © 2020 Ludhiana Live Media - All Rights Reserved.