ਪੰਜਾਬ ਨਿਊਜ਼

ਚਰਨਜੀਤ ਸਿੰਘ ਚੰਨੀ ਨੇ ਬੁਲਾਈ ਮੰਤਰੀ ਮੰਡਲ ਦੀ ਬੈਠਕ, ਰਾਜਪਾਲ ਨੂੰ ਸੌਂਪ ਸਕਦੇ ਨੇ ਅਸਤੀਫ਼ਾ

Published

on

ਚੰਡੀਗੜ੍ਹ : ਚੋਣ ਨਤੀਜਿਆਂ ਦੇ ਐਲਾਨ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ 11 ਮਾਰਚ ਨੂੰ ਮੰਤਰੀ ਮੰਡਲ ਦੀ ਬੈਠਕ ਬੁਲਾ ਲਈ ਹੈ। ਸਵੇਰੇ ਕਰੀਬ 11.30 ਵਜੇ ਹੋਣ ਵਾਲੀ ਇਸ ਬੈਠਕ ਦਾ ਏਜੰਡਾ ਮੌਕੇ ’ਤੇ ਹੀ ਜਾਰੀ ਕੀਤਾ ਜਾਵੇਗਾ। ਹਾਲਾਂਕਿ ਇਹ ਸਾਫ਼ ਹੈ ਕਿ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਤੋਂ ਬਾਅਦ ਮੰਤਰੀ ਮੰਡਲ ਦੀ ਇਸ ਬੈਠਕ ਵਿਚ ਮੰਤਰੀ ਮੰਡਲ ਨੂੰ ਭੰਗ ਕਰ ਦਿੱਤਾ ਜਾਵੇਗਾ।

ਇਸ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਸਕਦੇ ਹਨ। ਹਾਲਾਂਕਿ ਹਾਲੇ ਤੱਕ ਰਾਜਪਾਲ ਨਾਲ ਮੁਲਾਕਾਤ ਲਈ ਕੋਈ ਸਮਾਂ ਤੈਅ ਨਹੀਂ ਕੀਤਾ ਗਿਆ ਹੈ ਪਰ ਕਿਹਾ ਜਾ ਰਿਹਾ ਹੈ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਚੰਨੀ ਰਾਜਪਾਲ ਨਾਲ ਮੁਲਾਕਾਤ ਕਰ ਸਕਦੇ ਹਨ। ਬੇਸ਼ੱਕ ਰਾਜਪਾਲ ਅਸਤੀਫ਼ਾ ਸਵੀਕਾਰ ਕਰ ਸਕਦੇ ਹਨ ਪਰ ਜਦੋਂ ਤੱਕ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਰੋਹ ਨਹੀਂ ਹੁੰਦਾ, ਤਦ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੁਰਸੀ ਸੰਭਾਲਣ ਦਾ ਸਮਾਂ ਦਿੱਤਾ ਜਾ ਸਕਦਾ ਹੈ।

ਬੇਸ਼ੱਕ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਸਾਰੇ ਮੰਤਰੀ ਸ਼ਾਮਲ ਹੋ ਸਕਦੇ ਹਨ ਪਰ 7 ਮੰਤਰੀ ਅਜਿਹੇ ਹਨ, ਜੋ ਵਿਧਾਇਕ ਦੇ ਤੌਰ ’ਤੇ ਜਿੱਤ ਦਾ ਸਵਾਦ ਚਖ ਕੇ ਮੰਤਰੀ ਮੰਡਲ ਦੀ ਬੈਠਕ ਵਿਚ ਸ਼ਾਮਲ ਹੋਣਗੇ। ਇਨ੍ਹਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਸੁਖਬਿੰਦਰ ਸਿੰਘ ਸਰਕਾਰੀਆ ਦਾ ਨਾਮ ਸ਼ਾਮਲ ਹੈ।

ਆਮ ਆਦਮੀ ਪਾਰਟੀ ਵੱਲੋਂ ਕਰਾਰੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਪਾਰਟੀ ਨੂੰ ਆਪਣਾ ਅਸਤੀਫ਼ਾ ਭੇਜ ਸਕਦੇ ਹਨ। ਬੇਸ਼ੱਕ ਹਾਲੇ ਤੱਕ ਇਸ ਦਾ ਆਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ ਪਰ ਚਰਚਾ ਹੈ ਕਿ ਮੰਤਰੀ ਮੰਡਲ ਭੰਗ ਹੋਣ ਦੇ ਨਾਲ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਹਾਈਕਮਾਨ ਨੂੰ ਅਸਤੀਫ਼ਾ ਭੇਜ ਸਕਦੇ ਹਨ।

Facebook Comments

Trending

Copyright © 2020 Ludhiana Live Media - All Rights Reserved.