Connect with us

ਪੰਜਾਬੀ

ਅੰਦੋਲਨ ਬਿਨਾਂ ਹੱਲ ਨਹੀਂ ਹੋਣਗੇ ਚੰਡੀਗੜ੍ਹ ਅਤੇ ਪਾਣੀਆਂ ਦੇ ਮਸਲੇ: ਬਲਬੀਰ ਰਾਜੇਵਾਲ

Published

on

Chandigarh and water issues will not be resolved without agitation: Balbir Rajewal

ਸਮਰਾਲਾ (ਲੁਧਿਆਣਾ )  : ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮਤਾ ਪਾਸ ਕਰਨਾ ਚੰਗੀ ਗੱਲ ਹੈ ਪਰ ਇੰਝ ਚੰਡੀਗੜ੍ਹ ਨਹੀਂ ਮਿਲੇਗਾ। ਇਸ ਲਈ ਅੰਦੋਲਨ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਨੇ ਡੈਮ ਸੇਫਟੀ ਐਕਟ ਪਾਸ ਕਰ ਕੇ ਬੀ. ਬੀ. ਐੱਮ. ਬੀ. ਦੇ ਰੂਲਜ਼ ਵਿਚ ਸੋਧ ਕਰ ਕੇ ਆਪਣਾ ਮਨ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਜਲਦੀ ਹੀ ਪੰਜਾਬ ਦੇ ਪਾਣੀਆਂ ’ਤੇ ਹੋਰ ਡਾਕਾ ਮਾਰਨ ਵਾਲਾ ਹੈ।

ਪੰਜਾਬ ਦੇ ਲੋਕਾਂ ਨੂੰ ਪਾਣੀਆਂ ਦੀ ਲੜਾਈ ਲਈ ਤਿਆਰ ਹੋਣਾ ਪਵੇਗਾ। ਕੇਂਦਰ ਵਿਚ ਸਰਕਾਰ ਕਿਸੇ ਦੀ ਹੋਵੇ, ਉਹ ਪਾਣੀਆਂ ਦੇ ਮਸਲੇ ’ਤੇ ਪੰਜਾਬ ਅਤੇ ਹਰਿਆਣਾ ਦੀ ਲੜਾਈ ਕਰਵਾ ਕੇ ਲੋਕਾਂ ਤੋਂ ਆਪਣੀਆਂ ਨਾਕਾਮੀਆਂ ਹੀ ਨਹੀਂ ਛੁਪਾਉਂਦੀ ਸਗੋਂ ਲੋਕਾਂ ਦਾ ਬੁਨਿਆਦੀ ਮੁੱਦੇ ਤੋਂ ਧਿਆਨ ਵੀ ਹਟਾ ਦਿੰਦੀ ਹੈ। ਸਰਕਾਰ ਦੀ ਗ਼ਲਤੀ ਕਾਰਨ ਰਾਵੀ ਦਾ ਪਾਣੀ ਮੁਫ਼ਤ ਵਿਚ ਪਾਕਿਸਤਾਨ ਨੂੰ ਜਾ ਰਿਹਾ ਹੈ।

ਹਰੀਕੇ ਪੱਤਣ ’ਤੇ ਮਾਰੇ ਬੰਨ੍ਹ ਦੀ ਹਾਲਤ ਬੇਹੱਦ ਖਸਤਾ ਹੈ ਅਤੇ ਉੱਥੋਂ ਵੀ ਸਤਲੁਜ ਅਤੇ ਬਿਆਸ ਦਾ ਪਾਣੀ ਮੁਫ਼ਤ ਵਿਚ ਪਾਕਿਸਤਾਨ ਨੂੰ ਜਾ ਰਿਹਾ ਹੈ। ਸਮਾਂ ਆ ਗਿਆ ਹੈ ਕਿ ਲੋਕ ਸਰਕਾਰ ਤੋਂ ਦਰਿਆਈ ਪਾਣੀਆਂ ਦਾ ਲੇਖਾ-ਜੋਖਾ ਮੰਗ ਕੇ ਪੰਜਾਬ ਅਤੇ ਹਰਿਆਣੇ ਵਿਚ ਨਵੇਂ ਸਿਰੇ ਤੋਂ 60 ਅਤੇ 40 ਦੇ ਅਨੁਪਾਤ ਅਨੁਸਾਰ ਪਾਣੀ ਦੀ ਵੰਡ ਦੀ ਮੰਗ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਸ ਮਸਲੇ ’ਤੇ ਬਹੁਤ ਗੰਭੀਰ ਹੈ ਅਤੇ ਹਾੜ੍ਹੀ ਚੁੱਕਣ ਤੋਂ ਬਾਅਦ ਇਸ ਮਸਲੇ ’ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹੁਕਮ ਵਜਾਉਂਦੇ ਹੋਏ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਦੇ ਬਿਜਲੀ ਮੀਟਰ ਬਦਲ ਕੇ ਚਿੱਪ ਵਾਲੇ ਮੀਟਰ ਲਾਉਣ ਦੀ ਕੋਸ਼ਿਸ਼ ਵਿਚ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਆਮ ਆਦਮੀ ਨੂੰ ਆਪਣੇ ਜੀਵਨ ਦਾ ਨਿਰਬਾਹ ਕਰਨਾ ਔਖਾ ਹੋਇਆ ਪਿਆ ਹੈ ਤਾਂ ਕਿਸੇ ਕੋਲ ਬਿਜਲੀ ਦੇ ਐਡਵਾਂਸ ਪੈਸੇ ਦੇਣ ਦੀ ਸਮਰੱਥਾ ਨਹੀਂ।

ਰਾਜੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਨੇ ਇਹ ਮੀਟਰ ਲਾ ਕੇ ਕੇਂਦਰ ਸਰਕਾਰ ਨੂੰ ਖ਼ੁਸ਼ ਕਰਨਾ ਹੀ ਹੈ ਤਾਂ ਉਹ ਹਰ ਸਰਕਾਰੀ ਵਿਭਾਗ ਦੇ ਹਰ ਦਫ਼ਤਰ ਦਾ ਮੀਟਰ ਬਦਲ ਕੇ ਇਹ ਕੋਟਾ ਪੂਰਾ ਕਰ ਦੇਵੇ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਬਿਜਲੀ ਬੋਰਡ ਇਹ ਮੀਟਰ ਲੋਕਾਂ ਦੇ ਘਰਾਂ ਵਿਚ ਜਾ ਕੇ ਬਦਲੀ ਕਰਨ ਤੋਂ ਨਾ ਹਟਿਆ ਤਾਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।

Facebook Comments

Trending