ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਸਫਲਤਾਪੂਰਵਕ ਤੀਜੇ ਹਫ਼ਤੇ ’ਚ ਸ਼ਾਮਲ ਹੋ ਗਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਤੇ ਪਿਆਰ ਮਿਲ ਰਿਹਾ ਹੈ। ਫ਼ਿਲਮ ਦੇ ਸਿਨੇਮਾਘਰਾਂ ’ਚ ਅਜੇ ਵੀ ਅਣਗਿਣਤ ਸ਼ੋਅਜ਼ ਦੇਖਣ ਨੂੰ ਮਿਲ ਰਹੇ ਹਨ।
ਫ਼ਿਲਮ ਨੇ 13 ਜੁਲਾਈ ਤਕ 91.73 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਜੋ ਕਮਾਈ ਦੇ ਮਾਮਲੇ ’ਚ ਸਭ ਤੋਂ ਵੱਡੀ ਪੰਜਾਬੀ ਫ਼ਿਲਮ ਬਣ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਹੀ ਦਿਨਾਂ ’ਚ ਇਹ ਫ਼ਿਲਮ 100 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਅਜਿਹਾ ਕਰਨ ਵਾਲੀ ‘ਕੈਰੀ ਆਨ ਜੱਟਾ 3’ ਪਹਿਲੀ ਫ਼ਿਲਮ ਹੋਵੇਗੀ।
ਫ਼ਿਲਮ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰਾਂ ’ਚ ਹਨ। ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।