ਪੰਜਾਬ ਨਿਊਜ਼

ਕੈਪਟਨ ਨੇ ਪੰਜਾਬ ਕਾਂਗਰਸ, ਨਵਜੋਤ ਸਿੰਘ ਸਿੱਧੂ ਅਤੇ ਕੇਜਰੀਵਾਲ ਵਿਰੁੱਧ ਕੱਢੀ ਭੜਾਸ

Published

on

ਫਿਰੋਜ਼ਪੁਰ : ਫਿਰੋਜ਼ਪੁਰ ਰੈਲੀ ਵਾਲੀ ਜਗ੍ਹਾ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਭਾਸ਼ਣ ਦੇ ਕੇ ਅਤੇ ਪੰਜਾਬ ਕਾਂਗਰਸ ਅਤੇ ਨਵਜੋਤ ਸਿੰਘ ਸਿੱਧੂ ਅਤੇ ਕੇਜਰੀਵਾਲ ਵਿਰੁੱਧ ਭੜਾਸ ਕੱਢੀ ਅਤੇ ਰੈਲੀ ’ਚ ਸ਼ਾਮਲ ਥੋੜ੍ਹੇ ਜਿਹੇ ਲੋਕਾਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਤਕੜਾ ਬਣਾਉਣ ਲਈ ਭਾਜਪਾ ਦਾ ਸਾਥ ਜ਼ਰੂਰੀ ਹੈ। ਪੰਜਾਬ ਦੀ ਜਨਤਾ ਨੂੰ ਕਾਂਗਰਸ ਗੁੰਮਰਾਹ ਕਰ ਰਹੀ ਹੈ। ਗੁਆਂਢੀ ਮੁਲਕਾਂ ਦੀ ਵੀ ਦੇਸ਼ ‘ਤੇ ਮਾੜੀ ਨਜ਼ਰ ਹੈ। ਜਿਸ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਲੋਕ ਘੰਟਿਆਂਬੱਧੀ ਇੰਤਜ਼ਾਰ ਕਰਦੇ ਸੀ, ਉਹ ਕੈਪਟਨ ਅੱਜ ਭਾਜਪਾ ਦੀ ਸਟੇਜ ‘ਤੇ ਇਕੱਲੇ ਬੈਠੇ ਨਜ਼ਰ ਆਏ।

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ’ਚ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਅਤੇ ਭਾਜਪਾ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ ਫਿਰੋਜ਼ਪੁਰ ਆਏ ਸਨ। ਸਭ ਤੋਂ ਪਹਿਲਾਂ ਉਹ ਹੁਸੈਨੀਵਾਲਾ ਸਥਿਤ ਸ਼ਹੀਦਾਂ ਦੇ ਸਮਾਰਕਾਂ ’ਤੇ ਗਏ ਅਤੇ ਉੱਥੋਂ ਉਨ੍ਹਾਂ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਫਿਰੋਜ਼ਪੁਰ ’ਚ ਤੇਜ਼ ਮੀਂਹ ਪੈਣ ਕਾਰਨ ਅਤੇ ਮੌਸਮ ਖ਼ਰਾਬ ਹੋਣ ਕਾਰਨ ਉਹ ਹੁਸੈਨੀਵਾਲਾ ਤੋਂ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਦਿੱਲੀ ਪਰਤ ਗਏ।

ਦੂਜੇ ਪਾਸੇ ਕਿਸਾਨਾਂ ਵਲੋਂ ਜਗ੍ਹਾ-ਜਗ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਗਿਆ, ਉਨ੍ਹਾਂ ਦੇ ਪੁਤਲੇ ਫੂਕੇ ਗਏ ਅਤੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ। ਜਿਸ ਕਾਰਨ ਬਹੁਤ ਸਾਰੇ ਭਾਜਪਾ ਨੇਤਾ ਅਤੇ ਵਰਕਰ ਫਿਰੋਜ਼ਪੁਰ ਰੈਲੀ ਵਾਲੀ ਜਗ੍ਹਾ ਨਹੀਂ ਪਹੁੰਚ ਸਕੇ।

ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਜਨਤਕ ਤੌਰ ’ਤੇ ਇਹ ਐਲਾਨ ਕੀਤਾ ਗਿਆ ਸੀ ਕਿ ਫਿਰੋਜ਼ਪੁਰ ਦੀ ਰੈਲੀ ’ਚ 2 ਲੱਖ ਤੋਂ ਵੱਧ ਲੋਕ ਪਹੁੰਚਣਗੇ ਪਰ ਤੇਜ਼ ਮੀਂਹ ਕਾਰਨ ਉੱਥੇ ਹੋਏ ਚਿੱਕੜ ਕਾਰਨ ਲੋਕਾਂ ਦਾ ਰੈਲੀ ਵਾਲੀ ਜਗ੍ਹਾ ਪਹੁੰਚਣਾ ਮੁਸ਼ਕਲ ਹੋ ਗਿਆ ਸੀ ਅਤੇ ਲਗਾਈਆਂ ਗਈਆਂ ਕੁਰਸੀਆਂ ਵੀ ਬਿਲਕੁੱਲ ਖ਼ਾਲੀ ਪਈਆਂ ਹੋਈਆਂ ਸਨ।

Facebook Comments

Trending

Copyright © 2020 Ludhiana Live Media - All Rights Reserved.