Connect with us

ਇੰਡੀਆ ਨਿਊਜ਼

ਅਸ਼ੋਕ ਗੋਇਲ ਗਰੁੱਪ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕਰਕੇ ਬੀਜੇਪੀ ਦੇ ਖੇਮੇ ‘ਚ ਮਚਾਈ ਖਲਬਲੀ

Published

on

Candidates from Ashok Goyal group win, BJP's camp in turmoil

ਚੰਡੀਗੜ੍ਹ  : ਪੀਯੂ ਪ੍ਰਸ਼ਾਸਨ ਵੱਲੋਂ 5 ਵਾਰ ਚੋਣਾਂ ਮੁਲਤਵੀ ਕੀਤੇ ਜਾਣ ਦਾ ਗੁੱਸਾ ਫੈਕਲਟੀ ਚੋਣਾਂ ਵਿਚ ਵੋਟਰਾਂ ਨੇ ਦਿਖਾ ਦਿੱਤਾ। ਬੁੱਧਵਾਰ ਦੇਰ ਸ਼ਾਮ ਐਲਾਨੇ ਨਤੀਜਿਆਂ ’ਚ 6 ਫੈਕਲਟੀ ਸੀਟਾਂ ’ਤੇ ਅਸ਼ੋਕ ਗੋਇਲ ਗਰੁੱਪ ਨੇ ਕਬਜ਼ਾ ਕੀਤਾ। ਲਗਭਗ ਸਾਰੀਆਂ ਸੀਟਾਂ ’ਤੇ ਅਸ਼ੋਕ ਗੋਇਲ ਗਰੁੱਪ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕਰ ਕੇ ਬੀਜੇਪੀ ਦੇ ਖੇਮੇ ਵਿਚ ਖਲਬਲੀ ਮਚਾ ਦਿੱਤੀ।

ਫੈਕਲਟੀ ਚੋਣਾਂ ਵਿਚ ਮੁਕਾਬਲਾ ਏਨਾ ਜ਼ਬਰਦਸਤ ਸੀ ਕਿ ਕੇਂਦਰ ਵਿਚ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ, ਸਾਬਕਾ ਬੀਜੇਪੀ ਸੂਬਾ ਪ੍ਰਧਾਨ ਸੰਜੇ ਟੰਡਨ ਤੇ ਐਡੀਸ਼ਨਲ ਸਾਲੀਸਿਟਰ ਜਨਰਲ ਆਫ ਇੰਡੀਆ ਤੇ ਸਾਬਕਾ ਸੰਸਦ ਮੈਂਬਰ ਸਤਪਾਲ ਵਰਗੀਆਂ ਹਸਤੀਆਂ ਸੈਨੇਟ ਚੋਣਾਂ ਵਿਚ ਉਮੀਦਵਾਰਾਂ ਦੇ ਪੱਖ ਵਿਚ ਵੋਟ ਪਾਉਣ ਪੁੱਜੀਆਂ।

ਫੈਕਲਟੀ ਚੋਣਾਂ ਵਿਚ ਸਾਇੰਸ ਵਿਭਾਗ ਤੋਂ ਪ੍ਰੋ. ਨਵਦੀਪ ਗੋਇਲ (90) ਨੇ ਸਾਬਕਾ ਪੁਟਾ ਪ੍ਰੈਜ਼ੀਡੈਂਟ ਪ੍ਰੋ. ਪ੍ਰੋਮਿਲਾ ਪਾਠਕ (38) ਨੂੰ ਸਭ ਤੋਂ ਵੱਧ 52 ਵੋਟਾਂ ਦੇ ਫਰਕ ਨਾਲ ਹਰਾਇਆ। ਪ੍ਰੋ. ਕੇਸ਼ਵ ਮਲਹੋਤਰਾ (141) ਨੇ ਪ੍ਰੋ. ਨਵਲ ਕਿਸ਼ੋਰ (107) ਨੂੰ 34 ਵੋਟਾਂ ਨਾਲ ਹਰਾਇਆ। ਰੌਣਕੀ ਰਾਮ (53) ਨੇ ਅੰਜੂ ਸੀਰੀ (47) ਨੂੰ ਸਭ ਤੋਂ ਘੱਟ 6 ਵੋਟਾਂ ਨਾਲ ਹਰਾਇਆ। ਮੈਡੀਕਲ ਫੈਕਲਟੀ ਵਿਚ ਅਸ਼ੋਕ ਗੋਇਲ (47) ਨੇ ਡਾ. ਸਰਵਦੀਪ ਸਿੰਘ (29) ਨੂੰ 18 ਵੋਟਾਂ ਦੇ ਫਰਕ ਨਾਲ ਹਰਾਇਆ। ਪ੍ਰੋ. ਰਾਜੇਸ਼ ਗਿੱਲ (48) ਨੇ ਪ੍ਰੋ. ਗੁਰਪਾਲ ਸਿੰਘ ਸੰਧੂ (35) ਨੂੰ 13 ਵੋਟਾਂ ਨਾਲ ਹਰਾਇਆ। ਅਨੂ ਚਤਰਥ (37) ਨੇ ਜਗਜੋਤ ਸਿੰਘ ਲਾਲੀ (10) ਨੂੰ 27 ਵੋਟਾਂ ਨਾਲ ਹਰਾ ਕੇ ਸੈਨੇਟ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

ਪੀਯੂ ਕੈਂਪਸ ਵਿਚ ਬੀਤੇ ਤਰੀਬਨ 20 ਦਿਨਾਂ ਤੋਂ ਸੈਨੇਟ ਗ੍ਰੈਜੂਏਟ ਚੋਣ ਖੇਤਰ ਦੀਆਂ 15 ਸੀਟਾਂ ’ਤੇ ਵੋਟਾਂ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਸਾਰੇ ਵਿਦਿਆਰਥੀ ਸੰਗਠਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। 6 ਫੈਕਲਟੀ ਸੀਟਾਂ ’ਤੇ ਜਿੱਤ ਹਾਸਲ ਕਰਨ ਦੇ ਬਾਅਦ ਅਸ਼ੋਕ ਗੋਇਲ ਤੇ ਹੋਰ ਜੇਤੂ ਉਮੀਦਵਾਰ ਸਿੱਧੇ ਪੀਯੂ ਦੇ ਵੀਸੀ ਦਫਤਰ ਦੇ ਸਾਹਮਣੇ ਧਰਨੇ ’ਤੇ ਬੈਠੇ ਵਿਦਿਆਰਥੀਆਂ ਕੋਲ ਪੁੱਜੇ। ਇਸ ਮੌਕੇ ਗੋਇਲ ਗਰੁੱਪ ਨੇ ਐਲਾਨ ਕਰਦੇ ਹੋਏ ਕਿਹਾ ਕਿ ਉਹ ਸਹੁੰ ਚੁੱਕਦੇ ਹਨ ਕਿ ਸਤੰਬਰ ਮਹੀਨੇ ’ਚ ਹਾਲ ਪੀਯੂ ਗ੍ਰੈਜੂਏਟ ਚੋਣ ਖੇਤਰ ਦੀਆਂ ਚੋਣਾਂ ਕਰਵਾ ਕੇ ਰਹਿਣਗੇ।

Facebook Comments

Trending