ਪੰਜਾਬੀ

ਬੁੱਢੇ ਨਾਲੇ ਦੇ ਕਾਇਆ ਕਲਪ ਪ੍ਰੋਜੈਕਟ ‘ਚ ਲਿਆਂਦੀ ਜਾਵੇ ਤੇਜ਼ੀ – ਵਿਧਾਇਕ ਗੁਰਪ੍ਰੀਤ ਬੱਸੀ ਗੋਗੀ

Published

on

ਲੁਧਿਆਣਾ : ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਦਿਆਂ ਇਸ ਦੀ ਪੁਰਾਤਨ ਸ਼ਾਨ ਨੂੰ ਮੁੜ ਬਹਾਲ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਹਲਕਾ ਲੁਧਿਆਣਾ ਪੱਛਮੀ ਦੇ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਪੰਜਾਬ ਮਿਉਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ (ਪੀ.ਐਮ.ਆਈ.ਡੀ.ਸੀ.) ਦੀ ਸੀ.ਈ.ਓ ਈਸ਼ਾ ਕਾਲੀਆ, ਕਮਿਸ਼ਨਰ ਨਗਰ ਨਿਗਮ ਡਾ. ਸ਼ੇਨਾ ਅਗਰਵਾਲ ਦੇ ਨਾਲ ਸਾਰੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਬੁੱਢੇ ਨਾਲੇ ਦੇ ਕਾਇਆ ਕਲਪ ਪ੍ਰੋਜੈਕਟ ਨਾਲ ਸਬੰਧਤ ਕਾਰਜਾਂ ਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਮੁਕੰਮਲ ਕੀਤਾ ਜਾਵੇ।

ਇਸ ਸਬੰਧੀ ਜ਼ਮੀਨੀ ਪੱਧਰ ‘ਤੇ ਜਾਇਜ਼ਾ ਲੈਂਦਿਆਂ, ਵਿਧਾਇਕ, ਸੀ.ਈ.ਓ ਅਤੇ ਨਗਰ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ 650 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਬੁੱਢਾ ਦਰਿਆ ਦੇ ਨਾਲ-ਨਾਲ ਸੀਵਰੇਜ ਪਾਈਪ ਲਾਈਨਾਂ ਵਿਛਾਉਣ, ਦੋ ਸੀਵਰੇਜ ਟਰੀਟਮੈਂਟ ਪਲਾਂਟ, ਇੰਟਰਮੀਡੀਅਟ ਪੰਪਿੰਗ ਸਟੇਸ਼ਨ, ਦੋ ਐਫਲੂਐਂਟ ਟ੍ਰੀਟਮੈਂਟ ਪਲਾਂਟ ਅਤੇ ਮੌਜੂਦਾ ਐਸਟੀਪੀਜ਼ ਨੂੰ ਅਪਗ੍ਰੇਡ ਕਰਨ ਸਮੇਤ ਵੱਖ-ਵੱਖ ਕੰਮ ਚੱਲ ਰਹੇ ਹਨ ਤਾਂ ਜੋ ਦਰਿਆ ਵਿੱਚ ਵਗਦੇ ਗੰਦੇ ਪਾਣੀ ਦੇ ਬਹਾਅ ‘ਤੇ ਨਕੇਲ ਪਾਈ ਜਾ ਸਕੇ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਉਦੇਸ਼ ਬੁੱਢਾ ਦਰਿਆ ਵਿੱਚ ਗੰਦੇ ਪਾਣੀ ਦਾ ਦਖਲ ਰੋਕਦਿਆਂ, ਇਸ ਪਾਣੀ ਨੂੰ ਨੇੜਲੇ ਸੀਵਰੇਜ ਟਰੀਟਮੈਂਟ ਪਲਾਂਟਾਂ ਵਿੱਚ ਭੇਜਣਾ ਹੈ ਅਤੇ ਇਸ ਇਤਿਹਾਸਕ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨਾ ਹੈ। ਵਿਧਾਇਕ ਸੀ.ਈ.ਓ. ਅਤੇ ਨਿਗਮ ਕਮਿਸ਼ਨਰ ਵੱਲੋਂ ਮੌਜੂਦਾ ਸਮੇਂ ਨਾਲੇ ਵਿੱਚ ਪੈਂਦੇ ਕਿਸੇ ਵੀ ਤਰ੍ਹਾਂ ਦੇ ਗੰਦੇ ਪਾਣੀ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਸਿਰਫ ਟਰੀਟ ਕੀਤੇ ਪਾਣੀ ਦੇ ਪ੍ਰਵਾਹ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ ਇਸ ਪ੍ਰਾਜੈਕਟ ‘ਤੇ ਕਰੀਬ 270.34 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਪ੍ਰੋਜੈਕਟ ਨੂੰ ਨਿਰਧਾਰਤ ਸਮਾਂ ਸੀਮਾ ਵਿੱਚ ਨੇਪਰੇ ਚਾੜ੍ਹਨ ਲਈ ਚੱਲ ਰਹੇ ਕਾਰਜ਼ਾਂ ਵਿੱਚ ਤੇਂਜੀ ਲਿਆਂਦੀ ਜਾਵੇ।

ਇਸ ਦੌਰਾਨ ਉਨ੍ਹਾਂ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਸਥਿਤ ਬਾਇਓ-ਗੈਸ ਪਲਾਂਟ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਅਧਿਕਾਰੀਆਂ ਨੂੰ ਡੇਅਰੀ ਦੀ ਰਹਿੰਦ-ਖੂੰਹਦ ਦੇ ਵਿਗਿਆਨਕ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾ ਕੇ ਇਸ ਪਲਾਂਟ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਲਈ ਕਿਹਾ।

ਬਾਅਦ ਵਿੱਚ ਵਿਧਾਇਕ ਗੋਗੀ ਨੇ ਕਿਹਾ ਕਿ ਸਮਾਂ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਯਕੀਨੀ ਬਣਾਇਆ ਜਾਵੇ ਕਿ 31 ਮਾਰਚ, 2023 ਤੱਕ, ਸ਼ਹਿਰ ਦੇ ਵਸਨੀਕਾਂ ਨੂੰ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਜੋਂ ਸਮਰਪਿਤ ਕੀਤਾ ਜਾਵੇ। ਪੀ.ਐਮ.ਡੀ.ਆਈ.ਸੀ. ਦੇ ਸੀਈਓ ਵੱਲੋਂ ਨਗਰ ਨਿਗਮ ਕੰਟਰੋਲ ਕੇਂਦਰ ਦਾ ਦੌਰਾ, ਪਹਿਲਕਦਮੀ ਦੀ ਵੀ ਕੀਤੀ ਸ਼ਲਾਘਾ

ਸੀਈਓ ਪੀ.ਐਮ.ਡੀ.ਆਈ.ਸੀ. ਈਸ਼ਾ ਕਾਲੀਆ ਵੱਲੋਂ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਨਾਲ ਆਈ.ਸੀ.ਸੀ.ਸੀ. (ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ) ਦੇ ਕੰਮਕਾਜ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਇਸ ਨੂੰ ਅਪਗ੍ਰੇਡ ਕਰਨ ਲਈ ਕਿਹਾ ਤਾਂ ਜੋ ਇਸ ਸਿਸਟਮ ਦੁਆਰਾ ਕੂੜਾ ਕਰਕਟ ਦੇ ਪ੍ਰਬੰਧਨ ਵਰਗੇ ਹੋਰ ਨਗਰ ਨਿਗਮ ਨਾਲ ਸਬੰਧਤ ਕੰਮਾਂ ਦੀ ਨਿਗਰਾਨੀ ਕੀਤੀ ਜਾ ਸਕੇ।

ਬਾਅਦ ਵਿੱਚ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਸੀਈਓ ਈਸ਼ਾ ਕਾਲੀਆ ਅਤੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਮਾਰਟ ਸਿਟੀ ਮਿਸ਼ਨ ਤਹਿਤ ਮੁਰੰਮਤ ਕੀਤੇ ਗਏ ਮਲਹਾਰ ਰੋਡ ਅਤੇ ਸਰਾਭਾ ਨਗਰ ਮਾਰਕੀਟ ਦਾ ਵੀ ਦੌਰਾ ਕੀਤਾ। ਉਨ੍ਹਾਂ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕਿਹਾ ਕਿ ਮਸਲਿਆਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।

Facebook Comments

Trending

Copyright © 2020 Ludhiana Live Media - All Rights Reserved.