ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਲਾਗੂ ਹੋਣ ਦੇ ਨਾਲ ਹੀ ਸਿੱਖਿਆ ਵਿਵਸਥਾ ’ਚ ਬਦਲਾਅ ਦੀ ਤਿਆਰੀ ਹੋ ਗਈ ਹੈ। ਕੇਂਦਰ ਸਰਕਾਰ ਨੇ ਨਵੇਂ ਰਾਸ਼ਟਰੀ ਪਾਠਕ੍ਰਮ ਦੀ ਰੂਪ-ਰੇਖਾ ਤਿਆਰ ਕਰਨ ਲਈ ਇਕ ਮਾਹਿਰ ਪੈਨਲ ਨਿਯੁਕਤ ਕੀਤਾ ਸੀ। ਇਸ ਮਾਹਿਰ ਪੈਨਲ ਨੇ ਹੁਣ ਸਾਲ ’ਚ 2 ਵਾਰ ਬੋਰਡ ਪ੍ਰੀਖਿਆ ਦੀ ਸਿਫਾਰਿਸ਼ ਕੀਤੀ ਹੈ। ਇਹ ਮਾਹਿਰ ਪੈਨਲ ਸਿੱਖਿਆ ਮੰਤਰਾਲਾ ਨੇ ਨੈਸ਼ਨਲ ਕਰੀਕੁਲਮ ਫਰੇਮਵਰਕ ਫਾਰ ਸਕੂਲ ਐਜੂਕੇਸ਼ਨ ’ਤੇ ਡਰਾਫਟ ਲਈ ਇਕ ਕਮੇਟੀ ਦੇ ਤੌਰ ’ਤੇ ਬਣਾਇਆ ਸੀ।
ਹੁਣ ਕਮੇਟੀ ਵੱਲੋਂ ਜੋ ਮਨਜ਼ੂਰੀ ਮਿਲੀ ਹੈ, ਉਸ ਦੇ ਅਨੁਸਾਰ ਬੋਰਡ ਪ੍ਰੀਖਿਆਵਾਂ ਨੂੰ ਸਾਲ ’ਚ ਘੱਟ ਤੋਂ ਘੱਟ ਦੋ ਵਾਰ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਇਹ ਯਕੀਨੀ ਕੀਤਾ ਜਾ ਸਕੇਗਾ ਕਿ ਵਿਦਿਆਰਥੀਆਂ ਕੋਲ ਚੰਗਾ ਪ੍ਰਦਰਸ਼ਨ ਕਰਨ ਲਈ ਲੋੜੀਂਦਾ ਸਮਾਂ ਅਤੇ ਮੌਕੇ ਦੋਵੇਂ ਹਨ। ਇਸ ਤੋਂ ਬਾਅਦ ਵਿਦਿਆਰਥੀ ਉਨ੍ਹਾਂ ਕੋਰਸਾਂ ’ਚ ਬੋਰਡ ਪ੍ਰੀਖਿਆ ਵਿਚ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਪੂਰਾ ਕਰ ਲਿਆ ਹੈ। ਉਹ ਉਹੀ ਕੋਰਸ ਚੁਣ ਸਕਦੇ ਹਨ, ਜਿਸ ’ਚ ਉਹ ਖੁਦ ਨੂੰ ਤਿਆਰ ਮਹਿਸੂਸ ਕਰਦੇ ਹਨ।