ਲੁਧਿਆਣਾ: ਲੁਧਿਆਣਾ ਵਿੱਚ ਦੁੱਧ ਕਾਰੋਬਾਰੀ ਤੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ‘ਚ ਬੀਤੀ ਰਾਤ ਕਰੀਬ ਡੇਢ ਦਰਜਨ ਵਿਅਕਤੀਆਂ ਨੇ ਦੁੱਧ ਦੇ ਕਾਰੋਬਾਰੀ ਦੀ ਸਵਿਫਟ ਕਾਰ ਨੂੰ ਘੇਰ ਕੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਕਾਰ ਵਿੱਚ ਸਵਾਰ ਦੁੱਧ ਕਾਰੋਬਾਰੀ ਅਤੇ ਉਸਦੇ ਸਾਥੀਆਂ ਨੂੰ ਜ਼ਖਮੀ ਕਰ ਦਿੱਤਾ ਅਤੇ ਮੋਬਾਈਲ ਫੋਨ ਅਤੇ ਸੋਨੇ ਦੀ ਚੇਨ ਲੁੱਟ ਲਈ। ਜ਼ਖ਼ਮੀਆਂ ਦੀ ਪਛਾਣ ਪ੍ਰੀਤਪਾਲ ਸਿੰਘ (42) ਵਾਸੀ ਪਿੰਡ ਨਿਹਾਲ ਸਿੰਘ ਵਾਲਾ, ਸਿੱਧਵਾਂ ਬੇਟ ਅਤੇ ਬੰਟੀ (24) ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁੱਧ ਕਾਰੋਬਾਰੀ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਫਿਰੋਜ਼ਪੁਰ ਰੋਡ ‘ਤੇ ਆਪਣੀ ਸਵਿਫਟ ਕਾਰ ‘ਚ ਬੈਠਾ ਸੀ। ਇਸ ਦੌਰਾਨ ਹਮਲਾਵਰਾਂ ਨੇ ਉਸ ਦੀ ਕਾਰ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।ਜਦੋਂ ਉਸ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ ਅਤੇ ਸੋਨੇ ਦੀ ਚੇਨ ਅਤੇ ਫ਼ੋਨ ਖੋਹ ਲਿਆ। ਇਸ ਸਬੰਧੀ ਉਸ ਨੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।