ਪੰਜਾਬ ਨਿਊਜ਼

ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਭਗਵੰਤ ਮਾਨ

Published

on

ਲੁਧਿਆਣਾ : ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੀਐੱਮ ਫੇਸ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੀ ਧੂਰੀ ਵਿਧਾਨਸਭਾ ਸੀਟ ਤੋਂ ਚੋਣ ਲੜਨਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਧੂਰੀ ਪੰਜਾਬ ਦੇ ਮਾਲਵਾ ਬੈਲਟ ਦਾ ਹਿੱਸਾ ਹੈ ਅਤੇ ਸਭ ਤੋਂ ਵੱਧ ਵਿਧਾਨ ਸਭਾ ਸੀਟਾਂ ਇਸੀ ਬੈਲਟ ’ਚ ਹਨ।

ਧੂਰੀ ਵਿਧਾਨ ਸਭਾ ਸੀਟ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਪਿਛਲੀਆਂ ਚੋਣਾਂ ਵਿੱਚ ਇੱਥੋਂ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੇ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਜਸਵੀਰ ਸਿੰਘ ਜੱਸੀ ਸੇਖੋਂ ਨੂੰ 2811 ਵੋਟਾਂ ਨਾਲ ਹਰਾਇਆ। ਦਲਵੀਰ ਸਿੰਘ ਗੋਲਡੀ ਨੂੰ 49347 ਅਤੇ ਨਜ਼ਦੀਕੀ ਵਿਰੋਧੀ ‘ਆਪ’ ਦੇ ਜਸਵੀਰ ਸਿੰਘ ਜੱਸੀ ਸੇਖੋਂ ਨੂੰ 46536 ਵੋਟਾਂ ਮਿਲੀਆਂ। ਇਸ ਵਾਰ ਇਸ ਹਲਕੇ ਤੋਂ ਭਗਵੰਤ ਮਾਨ ਖੁਦ ਉਮੀਦਵਾਰ ਹੋਣਗੇ।

ਪਿਛਲੇ ਕਈ ਦਿਨਾਂ ਤੋਂ ਭਗਵੰਤ ਮਾਨ ਦੇ ਧੂਰੀ ਤੋਂ ਚੋਣ ਲੜਨ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੀਆਂ 7 ਵਿੱਚੋਂ 5 ਸੀਟਾਂ ਦਾ ਐਲਾਨ ਕਰ ਦਿੱਤਾ ਸੀ, ਜਦਕਿ ਧੂਰੀ ਅਤੇ ਲਹਿਰਾਗਾਗਾ ਸੀਟਾਂ ਬਾਰੇ ਫੈਸਲਾ ਹੋਣਾ ਬਾਕੀ ਸੀ, ਜਿਸ ‘ਤੇ ਪਾਰਟੀ ਨੇ ਵੀਰਵਾਰ ਨੂੰ ਆਪਣਾ ਫੈਸਲਾ ਸਪੱਸ਼ਟ ਕਰ ਦਿੱਤਾ ਹੈ। ਹਲਕਾ ਧੂਰੀ ਤੋਂ ਭਗਵੰਤ ਮਾਨ ਦਾ ਮੁਕਾਬਲਾ ਕਾਂਗਰਸ ਦੇ ਨੌਜਵਾਨ ਵਿਧਾਇਕ ਦਲਵੀਰ ਗੋਲਡੀ, ਅਕਾਲੀ ਦਲ ਦੇ ਉਮੀਦਵਾਰ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨਾਲ ਹੋਵੇਗਾ।

ਕਾਮੇਡੀਅਨ ਭਗਵੰਤ ਮਾਨ ਨੇ ਆਪਣੀ ਸਿਆਸੀ ਪਾਰੀ ਮਨਪ੍ਰੀਤ ਬਾਦਲ ਦੀ ਪਾਰਟੀ ਪੰਜਾਬ ਪੀਪਲਜ਼ ਪਾਰਟੀ ਨਾਲ ਸ਼ੁਰੂ ਕੀਤੀ ਹੈ। ਭਗਵੰਤ ਮਾਨ ਨੇ ਪਹਿਲੀ ਵਾਰ 2012 ਵਿੱਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਪੀਪੀਪੀ ਉਮੀਦਵਾਰ ਵਜੋਂ ਚੋਣ ਲੜੀ ਸੀ, ਪਰ ਉਹ ਹਾਰ ਗਏ ਸਨ। ਫਿਰ ਮਨਪ੍ਰੀਤ ਬਾਦਲ ਤੋਂ ਵੱਖ ਹੋ ਕੇ ਉਨ੍ਹਾਂ ਨੇ ਆਪਣਾ ਰਸਤਾ ਚੁਣ ਲਿਆ ਅਤੇ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। 2014 ਵਿੱਚ ਪਹਿਲੀ ਵਾਰ ਐਮਪੀ ਬਣੇ ਅਤੇ 2019 ਵਿੱਚ ਦੁਬਾਰਾ ਜਿੱਤ ਪ੍ਰਾਪਤ ਕੀਤੀ ਅਤੇ ਸੰਗਰੂਰ ਵਿੱਚ ਲਗਾਤਾਰ ਦੋ ਵਾਰ ਜਿੱਤਣ ਦਾ ਰਿਕਾਰਡ ਬਣਾਇਆ।

Facebook Comments

Trending

Copyright © 2020 Ludhiana Live Media - All Rights Reserved.