Connect with us

ਪੰਜਾਬ ਨਿਊਜ਼

ਪੰਜਾਬ ਸਰਕਾਰ ਨੇ 1000 ਤੋਂ ਵੱਧ ਸਰਕਾਰੀ ਸਕੂਲਾਂ ਨੂੰ ਜੜੇ ਤਾਲੇ

Published

on

ਪੰਜਾਬ ਸਰਕਾਰ ਵੱਲੋਂ ਸਾਲ 2014-15 ਤੋਂ ਸਾਲ 2018-19 ਦੌਰਾਨ 1340ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਗੱਠਜੋੜ ਸਰਕਾਰ ਸਮੇਂ850 ਸਕੂਲ ਬੰਦ ਹੋਏ, ਜਦਕਿ ਸਰਕਾਰ ਸਮੇਂ 490 ਸਰਕਾਰੀ ਸਕੂਲਾਂ ਨੂੰ ਤਾਲੇ ਵੱਜੇ ਹਨ। ਉਂਜ 5 ਸਾਲਾਂ ਤੋਂ ਸਰਕਾਰੀ ਸਕੂਲਾਂ ਨੂੰ ਤਾਲੇ ਮਾਰਨ ਦਾ ਸਿਲਸਿਲਾ ਚੱਲ ਰਿਹਾ ਹੈ। ਪੰਜਾਬੀ ਟ੍ਰਿਬਿਊਨ ਦੀ ਇਕ ਰਿਪੋਰਟ ਮੁਤਾਬਕ ਪੰਜਾਬ ‘ਚ ਪੰਜ ਸਾਲਾਂ ‘ਚ ਸਭ ਤੋਂ ਵੱਧ 769 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਹੋਏ ਹਨ, ਜਿਨ੍ਹਾਂ ਵਿਚੋਂ  399 ਸਕੂਲ ਪਿਛਲੀ ਹਕੂਮਤ ਸਮੇਂ ਬੰਦ ਹੋਏ ਹਨ। ਇਸੇ ਤਰ੍ਹਾਂ 479 ਸਰਕਾਰੀ ਮਿਡਲ ਸਕੂਲ ਬੰਦ ਹੋਏ ਹਨ, ਜਿਨ੍ਹਾਂ ‘ਚੋਂ 355 ਸਕੂਲ ਅਕਾਲੀ ਰਾਜ ਭਾਗ ਦੌਰਾਨ ਬੰਦ ਹੋਏ ਹਨ। ਹਾਈ ਸਕੂਲਾਂ ਤੇ ਨਜ਼ਰ ਮਾਰੀਏ ਤਾਂ ਮੌਜੂਦਾ ਸਰਕਾਰ ਨੇ 30 ਸਕੂਲ ਬੰਦ ਕੀਤੇ ਹਨ ਜਦੋਂਕਿ 62 ਸਕੂਲ ਪਿਛਲੀ ਹਕੂਮਤ ਸਮੇਂ ਬੰਦ ਹੋਏ ਹਨ। ਸਭ ਤੋਂ ਵੱਡੀ ਗਾਜ਼ ਪ੍ਰਾਇਮਰੀ ਸਕੂਲਾਂ ਤੇ ਡਿੱਗੀ ਹੈ ਜਿਨ੍ਹਾਂ ਵਿੱਚ ਜ਼ਿਆਦਾ ਬੱਚੇ ਗਰੀਬ ਘਰਾਂ ਦੇ ਪੜ੍ਹਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਚੋਣਾਂ ‘ਚ ਪ੍ਰਚਾਰ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਾਰੀਫ਼ ਕੀਤੀ ਹੈ।

ਚੰਗਾ ਪੱਖ ਇਹ ਹੈ ਕਿ ਲੰਘੇ 5 ਸਾਲਾਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ ਵਧੀ ਹੈ। ਇਸ ਸਮੇਂ ਦੌਰਾਨ 795 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵੇਂ ਬਣੇ ਹਨ। ਪੰਜਾਬ ਵਿਚ ਇਸ ਵੇਲੇ ਕੁੱਲ ਕਰੀਬ 28,637 ਸਰਕਾਰੀ ਸਕੂਲ ਹਨ। ਬੰਦ ਹੋਏ ਸਕੂਲਾਂ ਪਿਛੇ ਸਰਕਾਰੀ ਤਰਕ ਇਹੋ ਦਿੱਤਾ ਜਾਰਿਹਾ ਹੈਕਿ ਜਿਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ 10 ਤੋਂ ਵੀ ਘੱਟ ਸੀ, ਉਹ ਸਕੂਲ ਬੰਦ ਕੀਤੇ ਗਏ ਹਨ ਜਾਂ ਫਿਰ ਨੇੜਲੇ ਸਕੂਲਾਂ ਵਿਚ ਮਰਜ਼ ਕੀਤੇ ਗਏ ਹਨ। ਮਿਸਾਲ ਦੇ ਤੌਰ ਤੇ ਜ਼ਿਲ੍ਹਾ ਮੁਹਾਲੀ ਵਿੱਚ ਪਿੰਡ ਮਿੰਢੇ ਮਾਜਰਾ, ਧੀਰਪੁਰ, ਵਰਕਪੁਰ ਬੀੜ ਅਤੇ ਗੱਬੇ ਮਾਜਰਾ ਦੇ ਪ੍ਰਾਇਮਰੀ ਸਕੂਲ ਬੰਦ ਹੋਏ ਹਨ, ਜਿਨ੍ਹਾਂ ਵਿੱਚ ਬੱਚਿਆਂ ਦੀ ਗਿਣਤੀ 5 ਤੋਂ ਘੱਟ ਸੀ।

ਨਵਾਂ ਸ਼ਹਿਰ ਵਿਚ 5 ਸਾਲ ਪਹਿਲਾਂ 442 ਸਰਕਾਰੀਪ੍ਰਾਇਮਰੀ ਸਕੂਲ ਸਨ, ਜੋ ਹੁਣ ਘੱਟ ਕੇ 424 ਸਕੂਲ ਰਹਿ ਗਏ ਹਨ। ਇਵੇਂ ਦਾ ਹਾਲ ਸਭਨਾਂ ਜ਼ਿਲ੍ਹਿਆਂ ਵਿੱਚ ਹੈ। ਸੂਤਰ ਦੱਸਦੇ ਹਨ ਕਿ ਜ਼ਿਲ੍ਹਾ ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਹੋਰ ਸਕੂਲਾਂ ਤੇ ਵੀ ਹਾਲੇ ਤਲਵਾਰ ਲਟਕ ਰਹੀ ਹੈ। ਨਾਗਰਿਕ ਚੇਤਨਾ ਮੰਚ ਦੇ ਪ੍ਰਿੰਸੀਪਲ ਬੱਗਾ ਸਿੰਘ ਆਖਦੇ ਹਨ ਕਿ ਮਿਥੀ ਯੋਜਨਾ ਤਹਿਤ ਸਰਕਾਰੀ ਸਕੂਲਾਂ ਨੂੰ ਤਾਲੇ ਮਾਰੇ ਜਾਰਹੇ ਹਨ, ਜਿਸ ਨਾਲ ਵੱਡੀ ਸੱਟ ਪੇਂਡੂ ਬੱਚਿਆਂ ਨੂੰ ਵੱਜੇਗੀ। ਬੱਚਿਆਂ ਦੀ ਗਿਣਤੀ ਬਹਾਨੇ ਸਕੂਲਾਂ ਨੂੰ ਤਾਲਾ ਮਾਰਨਾ ਹੱਲ ਨਹੀਂ ਹੈ। ਇਸੇ ਤਰ੍ਹਾਂ ਰੁਜ਼ਗਾਰ ਦੇ ਮੌਕੇ ਘਟਣਗੇ।

ਰਿਪੋਰਟ ਮੁਤਾਬਕ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਸਾਲ 2018-19 ਦੌਰਾਨ 23.29 ਲੱਖ ਬੱਚੇਪੜ੍ਹਦੇ ਸਨ ਜਦੋਂਕਿ ਸਾਲ 2009-10 ਦੌਰਾਨ ਇਨ੍ਹਾਂ ਬੱਚਿਆਂ ਦੀ ਗਿਣਤੀ 24.52 ਲੱਖ ਸੀ। ਸਿੱਧੇ ਤੌਰ ‘ਤੇ ਇਕ ਦਹਾਕੇ ਵਿੱਚ ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਗਿਣਤੀ 1.20 ਲੱਖ ਘਟੀ ਹੈ। ਅਗਾਂਹ ਦੇਖੀਏ ਤਾਂ ਦਹਾਕਾ ਪਹਿਲਾਂ ਸਰਕਾਰੀ ਸਕੂਲਾਂ ਵਿਚ ਦਲਿਤ ਬੱਚਿਆਂ ਦੀ ਗਿਣਤੀ 57.80 ਫੀਸਦੀ ਸੀ ਜੋ ਕਿ ਹੁਣ ਵੱਧ ਕੇ 63.59 ਫੀਸਦੀ ਹੋ ਗਈ ਹੈ। ਇਸੇ ਤਰ੍ਹਾਂ ਸਾਲ 2009-10 ‘ਚ ਸਰਕਾਰੀ ਸਕੂਲਾਂ ‘ਚ ਪਹਿਲੀ ਕਲਾਸ ਵਿੱਚ 2.48 ਲੱਖ ਬੱਚੇ ਦਾਖਲ ਹੋਏ ਸਨ ਜਦੋਂ ਕਿ ਸਾਲ 2018-19 ‘ਚ ਪਹਿਲੀ ਜਮਾਤ ‘ਚ 1.32 ਲੱਖ ਬੱਚੇ ਦਾਖਲ ਹੋਏ ਹਨ। ਕੋਈ ਸ਼ੱਕ ਨਹੀਂ ਕਿ ਅਧਿਆਪਕਾਂ ਨੇ ਪਿਛਲੇ ਕੁਝ ਵਰ੍ਹਿਆਂ ਤੋਂ ਸਕੂਲਾਂ ‘ਚ ਦਾਖ਼ਲੇ ਵਧਾਉਣ ਲਈ ਪਿੰਡਾਂ ‘ਚ ਮੁਹਿੰਮ ਛੇੜੀ ਹੋਈ ਹੈ, ਜਿਸ ਦੇ ਨਤੀਜੇ ਸਾਹਮਣੇ ਆਏ ਵੀ ਹਨ। ਦੱਸਦੇ ਹਨ ਕਿ 4.5 ਫੀਸਦੀ ਨਵੇਂ ਦਾਖ਼ਲੇ ਵਧੇ ਵੀ ਹਨ। ਸਰਕਾਰੀ ਸੂਤਰ ਆਖਦੇ ਹਨ ਕਿ ਸਾਲ 2020-21 ਲਈ ਪ੍ਰੀ ਪ੍ਰਾਇਮਰੀ ਵਿਚ 2 ਲੱਖ ਤੋਂ ਵੱਧ ਬੱਚੇ ਦਾਖ਼ਲ ਕਰਨ ਦਾ ਟੀਚਾ ਮਿਥਿਆ ਗਿਆ ਹੈ।

ਪ੍ਰੀ-ਪ੍ਰਾਇਮਰੀ ਲਈ 13 ਹਜ਼ਾਰ ਸਕੂਲਾਂ ਨੂੰ ਪ੍ਰਤੀ ਸਕੂਲ 19 ਹਜ਼ਾਰ ਰੁਪਏ ਦੀ ਗਰਾਂਟ ਵੀ ਦਿੱਤੀ ਗਈ ਹੈ। ਸਰਕਾਰੀ ਸਕੂਲ ਪਿਛਲੇ ਸਮੇਂ ਤੋਂ ਪ੍ਰਾਈਵੇਟ ਸਕੂਲਾਂ ਲਈ ਚੁਣੌਤੀ ਬਣ ਰਹੇ ਹਨ। ਉਥੇ ਹੀ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਜਿੱਥੇ ਬੱਚਿਆਂ ਦੀ ਗਿਣਤੀ ਘੱਟ ਸੀ, ਉਨ੍ਹਾਂ ਸਕੂਲਾਂ ਨੂੰ ਹੀ ਨੇੜਲੇ ਸਕੂਲਾਂ ‘ਚ ਮਰਜ ਕੀਤਾ ਗਿਆ ਹੈ। ਹੁਣ ਜਿੱਥੇ ਕਿਤੇ ਲੋੜ ਪਵੇਗੀ, ਉੱਥੇ ਪਿੰਡ ਦੀ ਸਹਿਮਤੀ ਨਾਲ ਹੀ ਸਕੂਲ ਬੰਦ ਕੀਤਾ ਜਾਵੇਗਾ।

Facebook Comments

Trending