ਪੰਜਾਬੀ

ਗਿਆਸਪੁਰਾ ਤੋਂ ਬਿਜਲੀ ਘਰ ਜਾਣ ਵਾਲੀ ਸੜਕ ਦਾ ਇਕ ਸਾਲ ਦੇ ਅੰਦਰ ਹੀ ਹੋਇਆ ਬੁਰਾ ਹਾਲ

Published

on

ਲੁਧਿਆਣਾ : ਤਕਰੀਬਨ ਇਕ ਸਾਲ ਪਹਿਲਾਂ ਗਿਆਸਪੁਰਾ ਤੋਂ ਬਿਜਲੀ ਘਰ ਜਾਣ ਵਾਲੀ ਸੜਕ ਬਣਾਈ ਗਈ ਸੀ। ਸੜਕ ਬਣਾਉਣ ਦੇ ਤੁਰੰਤ ਬਾਅਦ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਸਾਹਮਣੇ ਸੜਕ ਧਸ ਗਈ ਸੀ ਤੇ ਉਸ ਵਕਤ ਗਿਆਸਪੁਰਾ ਇੰਡਸਟਰੀਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕਰ ਦਿੱਤੀ ਗਈ ਸੀ। ਇਸ ਦੇ ਬਾਰੇ ‘ਚ ਵਾਰਡ ਨੰਬਰ 30 ਦੇ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਸੀ।

ਉਸ ਤੋਂ ਬਾਅਦ ਉਦਯੋਗਪਤੀਆਂ ਨੇ ਕੌਂਸਲਰ ਨੂੰ ਸੜਕ ਠੀਕ ਕਰਵਾਉਣ ਵਾਸਤੇ ਅਪੀਲ ਵੀ ਕੀਤੀ ਗਈ ਸੀ, ਪਰ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਨੂੰ ਠੀਕ ਕਰਵਾਉਣ ਲਈ ਕਸ਼ਟ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਐਕਸੀਅਨ, ਜੇ.ਈ., ਮੇਅਰ ਤੇ ਕੌਂਸਲਰ ਸਮੇਤ ਹੋਰ ਬਹੁਤ ਸਾਰੇ ਨਗਰ ਨਿਗਮ ਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਸੜਕ ਤੋਂ ਹੀ ਨਿਕਲਦੇ ਹਨ। ਪਰ ਲਗਦਾ ਹੈ ਇਸ ਸੜਕ ਦੀ ਗੰਦੀ ਵਿਵਸਥਾ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦੇ ਹਨ।

ਗਿਆਸਪੁਰਾ ਇੰਡਸਟਰੀਜ਼ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਮਨਚੰਦਾ, ਜਨਰਲ ਸਕੱਤਰ ਬਿ੍ਜ ਮੋਹਨ ਮਲਕ ਤੇ ਰਵਿੰਦਰ ਗੁਪਤਾ ਸਮੇਤ ਬਹੁਤ ਸਾਰੇ ਮੈਂਬਰਾਂ ਨੇ ਦੱਸਿਆ ਕਿ ਸੜਕ ਦੀ ਗੰਦੀ ਵਿਵਸਥਾ ਦੇ ਕਾਰਨ ਉਨ੍ਹਾਂ ਦੇ ਕੰਮ ‘ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਬਾਹਰਲੇ ਵਪਾਰੀ ਆਉਣ ਤੋਂ ਕਤਰਾਉਂਦੇ ਹਨ। ਗੰਦਾ ਚਿੱਕੜ ਭਰਿਆ ਪਾਣੀ ਉਨ੍ਹਾਂ ਦੇ ਕਾਰਖਾਨਿਆਂ ਦੇ ਅੰਦਰ ਤੱਕ ਆ ਜਾਂਦਾ ਹੈ ਤੇ ਭਿਆਨਕ ਬੀਮਾਰੀਆਂ ਫੈਲ ਰਹੀਆਂ ਹਨ।

ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸੜਕ ਨੂੰ ਠੀਕ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਹਫ਼ਤੇ ਦੇ ਅੰਦਰ ਇਸ ਸੜਕ ਨੂੰ ਠੀਕ ਨਾ ਕਰਵਾਇਆ ਗਿਆ ਤਾਂ ਉਨ੍ਹਾਂ ਵਲੋਂ ਸੜਕ ਨੂੰ ਦੋਨੋਂ ਤਰਫ ਤੋਂ ਬੰਦ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ।

Facebook Comments

Trending

Copyright © 2020 Ludhiana Live Media - All Rights Reserved.