Connect with us

ਪੰਜਾਬੀ

ਵਿਸ਼ਵ ਪੰਜਾਬੀ ਕਾਨਫਰੰਸ ‘ਚ ਵਿਸ਼ਵ ਮਨ ਦੀ ਸਲਾਮਤੀ ਲਈ ਸੂਫ਼ੀ ਸ਼ਾਇਰਾਂ ਨੂੰ ਮੁੜ ਪੜ੍ਹਨ ਦੀ ਗੱਲ ਤੁਰੀ

Published

on

At the World Punjabi Conference, there was talk of re-reading Sufi poets for the sake of world peace
ਲਾਹੌਰ : ਲਾਹੌਰ ਵਿੱਚ ਪਾਕ ਹੈਰੀਟੇਜ ਹੋਟਲ ਅੰਦਰ ਹੋ ਰਹੀ 31ਵੀਂ  ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਵਿਸ਼ਵ ਅਮਨ ਦੀ ਸਲਾਮਤੀ ਲਈ ਸੂਫ਼ੀ ਸ਼ਾਇਰਾਂ ਦੇ ਕਲਾਮ ਨੂੰ ਨਵੇਂ ਸਿਰਿਉਂ ਪੜ੍ਹਨ ਤੇ ਮੁੜ ਵਿਚਾਰਨ ਦੀ ਲੋੜ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪਾਕਿਸਤਾਨ ਦੇ ਖੋਜੀ ਵਿਦਵਾਨ ਡਾਃ ਇਕਬਾਲ ਕੈਸਰ ਨੇ ਕਿਹਾ ਕਿ  ਸਾਨੂੰ ਦੋ ਪੰਜਾਬਾਂ ਦੀ ਗੱਲ ਕਰਨ ਦੀ ਥਾਂ ਸਪਤ ਸਿੰਧੂ ਵਾਲੇ  ਪੰਜਾਬ ਦੀ ਬਾਤ ਪਾਉਣੀ ਚਾਹੀਦੀ ਹੈ। ਇਕਬਾਲ ਕੈਸਰ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਹੀ 1947 ਚ ਬਹੁਤ ਕੁਝ ਗੁਆਇਆ ਹੈ ਪਰ ਕਲਮ ਦੀ ਸਾਂਝ ਨੇ ਸਾਨੂੰ ਮੁੜ ਜੋੜਿਆ ਹੈ। ਇਹ ਗੱਲ ਅਸੀਂ ਕਦੇ ਨਾ ਵਿਸਾਰੀਏ ਕਿ ਕਲਾ ਨੇ ਹੀ ਪੂਰੇ ਆਲਮ ਨੂੰ ਜੋੜਨਾ ਹੈ।

ਨਾਮਵਰ ਪੰਜਾਬੀ ਲੇਖਕ ਅਲਿਆਸ ਘੁੰਮਣ ਨੇ ਕਿਹਾ ਕਿ ਵਾਰਿਸ ਸ਼ਾਹ ਭਾਵੇਂ ਅਫ਼ਗਾਨੀ ਸਨ ਪਰ ਜਿੰਨੀ ਸ਼ਿੱਦਤ ਨਾਲ ਉਨ੍ਹਾਂ ਪੰਜਾਬ ਨੂੰ ਆਪਣੇ ਸਾਹੀਂ ਰਮਾਇਆ ਪਰ ਉਹ ਕਮਾਲ ਅੰਦਾਜ਼ ਵਿੱਚ ਪੰਜਾਬ ਦੀ ਮਿੱਟੀ ਦਾ ਰੰਗ ਸੰਭਾਲਿਆ ਹੈ। ਵਾਰਿਸ ਨੇ ਰਾਂਝੇ ਦੀ ਬਾਤ ਪਾਈ ਪਰ ਜਾਣਿਆ ਉਹ ਹੀਰ ਦੇ ਨਾਮ ਨਾਲ ਗਿਆ। ਵਾਰਿਸ ਪੰਜਾਬੀ ਕੌਮ ਦਾ ਸੱਚਾ ਦਰਦੀ ਸੀ। ਹਰ ਧਾੜਵੀ ਦੇ ਖ਼ਿਲਾਫ਼ ਲਿਖ ਕੇ ਉਸ ਨੇ ਵਕਤ ਦਾ ਰੋਜ਼ਨਾਮਚਾ ਵੀ ਨਾਲੋ ਨਾਲ ਲਿਖਿਆ।

ਪੰਜਾਬੀ ਅਕਾਦਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ ਨੇ ਸਰਕਾਰੀ ਤੰਤਰ ਤੇ ਪੰਜਾਬੀ ਭਾਸ਼ਾ ਵਿਸ਼ੇ ਤੇ ਸੰਬੋਧਨ ਕਰਦਿਆਂ ਕਿਹਾ ਕਿ 1929 ਚ ਏਸੇ ਲਾਹੌਰ ਚ ਰਾਵੀ ਦਰਿਆ ਦੇ ਕੰਢੇ ਪੂਰਨ ਸਵਰਾਜ ਦਾ ਮਤਾ ਪਕਾਉਂਦਿਆਂ ਐਲਾਨ ਕੀਤਾ ਸੀ ਕਿ ਦੇਸ਼ ਦਾ ਵਿਕਾਸ ਖੇਤਰੀ ਭਾਸ਼ਾਵਾਂ ਚ ਕਰਾਂਗੇ ਪਰ ਹੋ ਉਲਟ ਰਿਹਾ ਹੈ। ਅੱਜ ਵੀ ਭਾਰ ਤੇ ਪਾਕਿਸਤਾਨ ਦੇ ਲੋਕ ਮਾਂ ਬੋਲੀ ਦੀ ਲੜਾਈ ਲੜ ਰਹੇ ਹਨ ਪਰ ਇਹ ਗੱਲ ਕਦੇ ਨਾ ਵਿਸਾਰਨਾ ਕਿ ਧਰਮਾਂ ਨਾਲ ਪੰਜਾਬੀ ਜ਼ਬਾਨ ਨੂੰ ਜੋੜਨ ਦਾ ਨਤੀਜਾ ਸੰਸਕ੍ਰਿਤ ਦੇ ਹਾਲ ਵਰਗਾ ਹੋਵੇਗਾ।
ਉਰਦੂ ਨਾਵਲਕਾਰ ਅਬਦਾਲ ਬੇਲਾ ਨੇ ਕਿਹਾ ਕਿ ਬਾਹਰਲੇ ਧਾੜਵੀ ਸਾਡੇ ਤੇ ਸਦੀਆਂ ਲੰਮੀ ਹਕੂਮਤ ਕਿਉਂ ਕਰਦੇ ਰਹੇ, ਇਹ ਵਿਚਾਰਨ ਦਾ ਵਿਸ਼ਾ ਹੈ। ਮਾਰੂਥਲ ਦੇ ਬਿਰਖ਼ਾਂ ਨੂੰ ਪੱਤੇ ਘੱਟ ਤੇ ਕੰਡੇ ਵੱਧ ਹੋਣ ਦਾ ਕਾਰਨ ਹੀ ਇਹੀ ਹੈ ਕਿ ਉਹ ਥੁੜ  ਵਿੱਚ ਜੀਂਦੇ ਹਨ ਪਰ ਸੁਖਰਹਿਣੇ ਲੋਕ ਪੰਜਾਬੀਆਂ ਵਾਂਗ ਆਰਾਮਪ੍ਰਸਤ ਹੋ ਜਾਂਦੇ ਹਨ।ਇਹੀ ਕਾਰਨ ਹੈ ਕਿ ਪੰਜਾਬ ਨੂੰ ਸਭ ਤੇਂ ਲੰਮਾ ਸਮਾਂ ਗੁਲਾਮ ਰਹਿਣਾ ਪਿਆ। ਇਹ ਆਰਾਮ ਤਿਆਗ ਕੇ ਹੀ ਪੰਜਾਬੀ ਖ਼ੂਨ ਨੇ ਹਕੂਮਤ ਕਰਨ ਦਾ ਮਾਣ ਹਾਸਲ ਕੀਤਾ।
ਡਾਃ ਸਵੈਰਾਜ ਸੰਧੂ ਨੇ ਦੇਸ਼ ਵੰਡ ਮਗਰੋਂ ਦੱਰਾ ਖ਼ੈਬਰ ਤੋਂ ਲੈ ਕੇ ਦਿੱਲੀ ਦੀਆਂ ਕੰਧਾਂ ਤੀਕ ਦੇ ਪੰਜਾਬ ਦੀ ਬੇਹੁਰਮਤੀ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਪੰਜਾਬੀ ਵੰਨਸੁਵੰਨੇ ਹੁਕਮਰਾਨਾਂ ਦੀ ਹਕੂਮਤ ਕਾਰਨ ਰੁੱਖੇ ਮਿੱਸੇ ਸਭਿਆਚਾਰ ਦਾ ਪ੍ਰਤੀਕ ਹਾਂ। ਸਪਤ ਸਿੰਧੂ ਤੋਂ ਪੰਜ ਆਬ ਬਣੇ ਪੰਜਾਬ ਵਿੱਚ ਮੁਹੱਬਤ ਦੀ ਸੋਹਬਤ ਦਾ ਹੀ ਅਸਰ ਹੈ ਕਿ ਅੱਜ ਅਸੀਂ ਵਿਸ਼ਵ ਅਮਨ ਦੀ ਸਲਾਮਤੀ ਲਈ ਜੋੜ-ਮੇਲੇ ਕਰ ਰਹੇ ਹਾਂ। ਧਾਰਮਿਕ ਵਖਰੇਵਿਆਂ ਦੇ ਬਾਵਜੂਦ ਸਾਡਾ ਸਭਨਾਂ ਦੇ ਸੁਪਨਿਆਂ ਦਾ ਰੰਗ ਇੱਕੋ ਜਹੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੀ ਪ੍ਰੋਫ਼ੈਸਰ ਡਾਃ ਭਾਰਤਬੀਰ ਕੌਰ ਨੇ ਅੰਤਰ ਧਰਮ ਸੰਵਾਦ ਬਾਰੇ ਚਰਚਾ ਕਰਦਿਆਂ ਕਿਹਾ ਕਿ ਜਨਮ ਸਾਖੀਆਂ ਵਿਚਲੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਅਤੇ ਭਾਈ ਬਾਲਾ ਅੰਤਰ ਮੱਤ ਸੰਵਾਦ ਦੇ ਪ੍ਰਤੀਕ ਵਾਂਗ ਜਾਨਣ ਦੀ ਲੋੜ ਹੈ। ਸੰਵਾਦ ਦੀ ਪਰਿਭਾ਼ਸ਼ਾ ਗੁਰੂ ਨਾਨਕ ਦੇਵ ਦੇਵ ਜੀ ਨੇ ਬੜੇ ਸਪਸ਼ਟ ਰੂਪ ਚ ਕਰਦਿਆਂ ਕਿਹਾ ਹੈ ਕਿ ਜੀਂਦੇ ਹੋਣ ਦਾ ਪ੍ਰਮਾਣ ਦੇਣ ਲਈ ਸੁਣਨਾ ਤੇ ਕਹਿਣਾ ਜ਼ਰੂਰੀ ਹੈ।

Facebook Comments

Trending