ਲੁਧਿਆਣਾ ਨਿਊਜ਼

ਅਰੋੜਾ ਨੇ ਇੰਡਸਟਰੀ ਦਾ ਮੁੱਦਾ ਗਡਕਰੀ ਕੋਲ ਉਠਾਉਣ ਦਾ ਦਿੱਤਾ ਭਰੋਸਾ

Published

on

ਲੁਧਿਆਣਾ, 13 ਮਾਰਚ, 2024: ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.) ਦੀ ਸਟੀਅਰਿੰਗ ਕਮੇਟੀ ਦੇ ਇੱਕ ਵਫ਼ਦ ਨੇ ਅੱਜ ਇੱਥੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ ਅਤੇ ਉਦਯੋਗ ਦੇ ਵੱਖ-ਵੱਖ ਭਖਦੇ ਮੁੱਦਿਆਂ ‘ਤੇ ਚਰਚਾ ਕੀਤੀ।

ਵਫ਼ਦ ਨੇ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਕਰਨ ਦਾ ਮੁੱਦਾ ਉਠਾਇਆ। ਨੁਮਾਇੰਦਿਆਂ ਨੇ ਦੱਸਿਆ ਕਿ ਫੋਕਲ ਪੁਆਇੰਟ ਤੋਂ ਜੀ.ਟੀ.ਰੋਡ ਤੱਕ ਬਾਹਰ ਜਾਣ ਅਤੇ ਦਾਖਲੇ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਦਾ ਇਹ ਹਿੱਸਾ ਨੈਸ਼ਨਲ ਹਾਈਵੇਅਜ਼  ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦਾ ਹੈ, ਜੋ ਇੱਕ ਛੋਟੀ ਚੌੜਾਈ ਵਾਲੇ ਪੁਲ ਦੇ ਹੇਠਾਂ ਤੋਂ ਲੰਘਦਾ ਹੈ, ਜਿੱਥੇ ਵਾਹਨਾਂ ਦਾ ਭਾਰੀ ਜਾਮ ਹੁੰਦਾ ਹੈ। ਉਨ੍ਹਾਂ ਨੇ ਵਾਹਨਾਂ ਦੀ ਸੁਚਾਰੂ ਆਵਾਜਾਈ ਲਈ ਜੀ.ਟੀ.ਰੋਡ ਤੋਂ ਫੋਕਲ ਪੁਆਇੰਟ ਤੱਕ ਵੱਖਰੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਦੀ ਮੰਗ ਉਠਾਈ।

ਅਰੋੜਾ ਨੇ  ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮੁੱਦੇ ਨੂੰ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਹੋਰ ਸਬੰਧਤ ਅਧਿਕਾਰੀਆਂ ਕੋਲ ਪਹਿਲ ਦੇ ਆਧਾਰ ‘ਤੇ ਉਠਾਉਣਗੇ।

ਨੁਮਾਇੰਦਿਆਂ ਨੇ ਪਾਵਰ ਇੰਟੈਂਸਿਵ ਯੂਨਿਟਾਂ ਵਿੱਚ ਸਮਾਰਟ ਮੀਟਰ ਲਗਾਉਣ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਪ੍ਰਸਤਾਵਿਤ 5200 ਰੁਪਏ ਪ੍ਰਤੀ ਮਹੀਨਾ ਕਿਰਾਏ ਦਾ ਮੁੱਦਾ ਵੀ ਉਠਾਇਆ। ਇਹ ਬੇਨਤੀ ਕੀਤੀ ਗਈ ਕਿ ਸਿਰਫ ਨਾਮਾਤਰ ਕਿਰਾਇਆ ਵਸੂਲਿਆ ਜਾਵੇ। ਅਰੋੜਾ ਨੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਅਤੇ ਸੂਬਾ ਸਰਕਾਰ ਕੋਲ ਮਾਮਲਾ ਉਠਾਉਣ ਦਾ ਭਰੋਸਾ ਦਿੱਤਾ।

ਗੱਲਬਾਤ ਦੌਰਾਨ ਅਰੋੜਾ ਨੇ ਵਫ਼ਦ ਨੂੰ ਦੱਸਿਆ ਕਿ ਹਲਵਾਰਾ ਹਵਾਈ ਅੱਡਾ ਆਉਂਦੇ ਦੋ ਕੁ ਮਹੀਨਿਆਂ ਵਿੱਚ ਚਾਲੂ ਹੋ ਜਾਵੇਗਾ।

ਅਰੋੜਾ ਨੇ ਕਿਹਾ ਕਿ ਉਹ ਸ਼ਹਿਰ ਦੇ ਸਨਅਤਕਾਰਾਂ ਵੱਲੋਂ ਆਪਣੇ ਸਾਹਮਣੇ ਰੱਖੀਆਂ ਮੰਗਾਂ ਅਤੇ ਮੁੱਦਿਆਂ ਨੂੰ ਹਮੇਸ਼ਾ ਪਹਿਲ ਦਿੰਦੇ ਹਨ ਕਿਉਂਕਿ ਉਦਯੋਗ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਹਰੇਕ ਲਈ ਆਪਣੀਆਂ ਸ਼ਿਕਾਇਤਾਂ ਉਨ੍ਹਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਖੁੱਲ੍ਹੇ ਹਨ।

ਸੀ.ਆਈ.ਸੀ.ਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਅਰੋੜਾ ਦੇ ਸਕਾਰਾਤਮਕ ਹੁੰਗਾਰੇ ਅਤੇ ਹਮੇਸ਼ਾ ਸਬੰਧਤ ਅਧਿਕਾਰੀਆਂ ਕੋਲ ਉਨ੍ਹਾਂ ਦੇ ਮੁੱਦਿਆਂ ਨੂੰ ਰੱਖਣ ਦੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਪੀ.ਐਸ ਗੋਗੀਆ, ਸੰਜੇ ਧੀਮਾਨ, ਆਰ.ਪੀ.ਐਸ ਕਲਸੀ, ਡਾ.ਐਸ.ਬੀ.ਸਿੰਘ ਅਤੇ ਅਜੈ ਭਾਰਤੀ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.