ਪੰਜਾਬ ਨਿਊਜ਼

ਫਾਰਮਰ ਫ਼ਸਟ ਪ੍ਰੋਜੈਕਟ ਤਹਿਤ ਵੈਟਰਨਰੀ ਯੂਨੀਵਰਸਿਟੀ ਨੇ ਅਪਣਾਇਆ ਇਕ ਹੋਰ ਪਿੰਡ

Published

on

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਰਾਹੀਂ ਪ੍ਰਯੋਜਿਤ ਫਾਰਮਰ ਫ਼ਸਟ ਪ੍ਰੋਜੈਕਟ ਦੇ ਤਹਿਤ ਇਕ ਹੋਰ ਪਿੰਡ ‘ਹਮੀਦੀ’ ਨੂੰ ਅਪਣਾਇਆ ਗਿਆ ਹੈ। ਇਹ ਪ੍ਰਾਜੈਕਟ ਡਾ. ਪ੍ਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਨਿਗਰਾਨੀ ਅਧੀਨ ਚੱਲ ਰਿਹਾ ਹੈ

ਪ੍ਰੋਜੈਕਟ ਦੇ ਮੁੱਖ ਨਿਰੀਖਕ ਡਾ. ਵਾਈ. ਐਸ. ਜਾਦੋਂ, ਸਹਿ-ਮੁੱਖ ਨਿਰੀਖਕ ਅਮਨਦੀਪ ਸਿੰਘ ਅਤੇ ਡਾ. ਐਸ. ਕੇ. ਕਾਂਸਲ ਦੀ ਮੌਜੂਦਗੀ ਵਿਚ ਜਸਵਿੰਦਰ ਸਿੰਘ ਸਰਪੰਚ, ਪੰਚਾਇਤ ਮੈਂਬਰਾਂ ਅਤੇ ਮੁਹਤਬਰ ਵਸਨੀਕਾਂ ਦੀ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਪਿੰਡ ਵਾਸੀਆਂ ਨੂੰ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ। ਡਾ. ਜਾਦੋਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪਿੰਡ ਦਾ ਸਰਵੇ ਕੀਤਾ ਜਾਏਗਾ ਅਤੇ ਉਸ ਮੁਤਾਬਿਕ ਲੋੜਾਂ ਨੂੰ ਸੂਚੀਬੱਧ ਕਰਕੇ ਕਾਰਜ ਸ਼ੁਰੂ ਕੀਤਾ ਜਾਏਗਾ।

ਪ੍ਰੋਜੈਕਟ ਅਧੀਨ ਕਾਰਜਸ਼ੀਲ ਇਕ ਹੋਰ ਪਿੰਡ ਧਨੇਰ ਵਿਖੇ ਇਕ ਸਿਖਲਾਈ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਬਾਰੇ ਦੱਸਿਆ ਗਿਆ। ਡਾ. ਗੋਪਿਕਾ ਤਲਵਾੜ ਨੇ ਦੁੱਧ ਵਿਚ ਹੋ ਰਹੀ ਮਿਲਾਵਟ ਦੇ ਤੱਤਾਂ ਅਤੇ ਇਸ ਤੋਂ ਉਭਰਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਡਾ. ਰੇਖਾ ਚਾਵਲਾ ਨੇ ਕਿਸਾਨ ਬੀਬੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਬਾਰੇ ਸਿੱਖਿਅਤ ਕੀਤਾ।

ਉਨ੍ਹਾਂ ਨੇ ਦੁੱਧ ਤੋਂ ਬਚੇ ਸਹਿ-ਉਤਪਾਦਾਂ ਦੀ ਸੁਚੱਜੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਨਾਲ ਕਿ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਵਲੋਂ ਦੁੱਧ ਦੀ ਮਿਲਾਵਟ ਸੰਬੰਧੀ ਤਿਆਰ ਕੀਤੀ ਜਾਂਚ ਕਿੱਟ ਵੀ ਲਾਭਪਾਤਰੀ ਬੀਬੀਆਂ ਨੂੰ ਦਿੱਤੀ ਤਾਂ ਜੋ ਉਹ ਘਰੇਲੂ ਪੱਧਰ ‘ਤੇ ਵੀ ਦੁੱਧ ਦੀ ਜਾਂਚ ਕਰ ਸਕਣ। ਡਾ. ਬਰਾੜ ਨੇ ਟੀਮ ਮੈਂਬਰਾਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਵਲੋਂ ਕਿਸਾਨ ਭਾਈਚਾਰੇ ਦੀ ਭਲਾਈ ਲਈ ਬੜਾ ਸੁਚੱਜਾ ਕੰਮ ਕੀਤਾ ਜਾ ਰਿਹਾ ਹੈ।

Facebook Comments

Trending

Copyright © 2020 Ludhiana Live Media - All Rights Reserved.