ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਰੇਲਵੇ ਦੇ ਸੀਆਈਟੀ ਇੰਚਾਰਜ ਨਾਲ ਬਦਸਲੂਕੀ ਅਤੇ ਬੰਧਕ ਬਣਾਏ ਜਾਣ ਦੀ ਖ਼ਬਰ ਹੈ। ਸੀਆਈਟੀ ਇੰਚਾਰਜ ਨੇ ਐਨਆਰਐਮਯੂ ਵਰਕਰਾਂ ’ਤੇ ਦੋਸ਼ ਲਾਉਂਦਿਆਂ ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ, ਜਿਸ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਪੀੜਤ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਐਨਆਰਐਮਯੂ ਯੂਨੀਅਨ ਦੇ ਵਰਕਰ ਗੌਰਵ ਸ਼ਰਮਾ ਅਤੇ ਧਰਮਰਾਜ ਨੇ ਹੋਰ ਸਾਥੀਆਂ ਨਾਲ ਮਿਲ ਕੇ ਬੁੱਧਵਾਰ ਨੂੰ ਸੀਆਈਟੀ ਇੰਚਾਰਜ ਰਿਪੁਦਮਨ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਨੂੰ 7 ਘੰਟੇ ਤੱਕ ਬੰਧਕ ਬਣਾ ਕੇ ਰੱਖਿਆ, ਜਿਸ ਕਾਰਨ ਪੂਰਾ ਸਟਾਫ਼ ਗੁੱਸੇ ਵਿੱਚ ਹੈ।ਉਸ ਦਾ ਕਹਿਣਾ ਹੈ ਕਿ ਉਸ ਕੋਲ ਇਸ ਸਾਰੀ ਘਟਨਾ ਦੀ ਵੀਡੀਓ ਵੀ ਹੈ ਅਤੇ ਉਸ ਦਾ ਦਾਅਵਾ ਹੈ ਕਿ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਯੂਨੀਅਨ ਦੇ ਕੁਝ ਲੋਕ ਉਸ ਨੂੰ ਬੰਧਕ ਬਣਾ ਕੇ ਬੈਠੇ ਹਨ।ਦੂਜੇ ਪਾਸੇ ਗੌਰਵ ਸ਼ਰਮਾ ਅਤੇ ਧਰਮਰਾਜ ਦੇ ਬਿਆਨ ਸਾਹਮਣੇ ਆਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਾ ਤਾਂ ਕਿਸੇ ਨੂੰ ਬੰਧਕ ਬਣਾਇਆ ਹੈ ਅਤੇ ਨਾ ਹੀ ਕਿਸੇ ਨਾਲ ਦੁਰਵਿਵਹਾਰ ਕੀਤਾ ਹੈ। ਉਨ੍ਹਾਂ ਨੇ ਬੱਸ ਯੂਨੀਅਨ ਦੇ ਮੈਂਬਰਾਂ ਨਾਲ ਬੰਦ ਕਮਰੇ ਵਿੱਚ ਮੁਲਾਕਾਤ ਕੀਤੀ ਅਤੇ ਸੀਆਈਟੀ ਇੰਚਾਰਜ ਨਾਲ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਸ ਦਾ ਕਹਿਣਾ ਹੈ ਕਿ ਸੀਆਈਟੀ ਇੰਚਾਰਜ ਵੱਲੋਂ ਉਸ ਨੂੰ ਉਚਿਤ ਭਰੋਸਾ ਦਿੱਤਾ ਗਿਆ ਸੀ।