ਪੰਜਾਬੀ

 ਖੇਤੀ ਇੰਜਨੀਅਰਿੰਗ ਕਾਲਜ ਵਿੱਚ ਅਲੂਮਨੀ ਸੰਪਰਕ ਕੇਂਦਰ ਦਾ ਕੀਤਾ ਉਦਘਾਟਨ

Published

on

ਲੁਧਿਆਣਾ : ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਵਿੱਚ ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਣੇ ਸੰਪਰਕ ਕੇਂਦਰ ਅਤੇ ਪ੍ਰੋਫੈਸ਼ਨਲ ਗੈਲਰੀ ਦਾ ਉਦਘਾਟਨ ਕੀਤਾ । ਇਸ ਮੌਕੇ ਬੋਲਦਿਆਂ ਡਾ. ਗੋਸਲ ਨੇ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਵਿਕਾਸ ਦੀਆਂ ਮੰਜ਼ਿਲਾਂ ਵੱਲ ਲਿਜਾਣ ਵਿੱਚ ਖੇਤੀ ਇੰਜਨੀਅਰਿੰਗ ਕਾਲਜ ਦਾ ਯੋਗਦਾਨ ਅਮਿੱਟ ਹੈ ।
ਉਹਨਾਂ ਕਿਹਾ ਕਿ ਇਸ ਕਾਲਜ ਨੇ ਮਸ਼ੀਨਰੀ ਦੇ ਵਿਕਾਸ ਵਿੱਚ ਬਹੁਤ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਅਤੇ ਸ਼ਾਨਦਾਰ ਵਿਗਿਆਨੀ ਦੁਨੀਆਂ ਨੂੰ ਦਿੱਤੇ । ਉਹਨਾਂ ਅਲੂਮਨੀ ਸੰਪਰਕ ਕੇਂਦਰ ਦੇ ਨਿਰਮਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਂਝਾ ਕੀਤਾ ਕਿ ਇਸ ਨਾਲ ਸਾਬਕਾ ਵਿਦਿਆਰਥੀ ਕਾਲਜ ਨਾਲ ਹੋਰ ਗਹਿਰੇ ਰਿਸ਼ਤੇ ਵਿੱਚ ਬੱਝ ਸਕਣਗੇ ਅਤੇ ਆਉਣ ਵਾਲੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣਨਗੇ ।
 ਪੀ.ਏ.ਯੂ. ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਤੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਪਿਛਲੀਆਂ ਕੁਝ ਅਲੂਮਨੀ ਮੀਟਾਂ ਦੌਰਾਨ ਸਾਬਕਾ ਵਿਦਿਆਰਥੀਆਂ ਨੇ ਇਹ ਸੁਝਾਅ ਦਿੱਤਾ ਸੀ ਕਿ ਕੋਈ ਐਸਾ ਕੇਂਦਰ ਕਾਲਜ ਵਿੱਚ ਸਥਾਪਿਤ ਕੀਤਾ ਜਾਵੇ ਜਿਸ ਨਾਲ ਸਾਬਕਾ ਅਤੇ ਮੌਜੂਦਾ ਵਿਦਿਆਰਥੀਆਂ ਵਿਚਕਾਰ ਸਾਂਝ ਦੇ ਮੌਕੇ ਪੈਦਾ ਹੋਣ । ਉਹਨਾਂ ਕਿਹਾ ਕਿ ਇਸ ਕੇਂਦਰ ਅਤੇ ਗੈਲਰੀ ਦੀ ਸਥਾਪਨਾ ਨਾਲ ਇਹ ਸੁਪਨਾ ਸਕਾਰ ਹੋਣ ਜਾ ਰਿਹਾ ਹੈ ।
ਡਾ. ਗੁਪਤਾ ਨੇ ਸਾਬਕਾ ਵਿਦਿਆਰਥੀਆਂ ਵੱਲੋਂ ਸਥਾਪਿਤ ਕੀਤੇ ਵਜ਼ੀਫਿਆਂ ਅਤੇ ਸਕਾਲਰਸ਼ਿਪਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ । ਇਸ ਤੋਂ ਪਹਿਲਾਂ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਸਵਾਗਤੀ ਸ਼ਬਦ ਬੋਲਦਿਆਂ ਇਸ ਕੇਂਦਰ ਦੇ ਨਿਰਮਾਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ।
ਅੰਤ ਵਿੱਚ ਡਾ. ਸਮਨਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ । ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਵਿਸ਼ਾਲ ਬੈਕਟਰ ਨੇ ਨਿਭਾਈ । ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਰਜਿਸਟਰਾਰ ਡਾ. ਸ਼ੰਮੀ ਕਪੂਰ ਤੋਂ ਇਲਾਵਾ ਕਾਲਜ ਦੇ ਅਧਿਆਪਨ, ਗੈਰ ਅਧਿਆਪਨ ਅਮਲੇ ਦੇ ਮੈਂਬਰ ਮੌਜੂਦ ਸਨ .

Facebook Comments

Trending

Copyright © 2020 Ludhiana Live Media - All Rights Reserved.