ਅਪਰਾਧ

ਲੁਧਿਆਣਾ ‘ਚ ਵਾਹਨਾਂ ਦੇ ਜਾਅਲੀ ਨੰਬਰਾਂ ‘ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਦਾ ਪਰਦਾਫਾਸ਼, ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ

Published

on

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਨ ਲੁਧਿਆਣਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਲਈ ਲੇਬਰ, ਕਾਰਟੇਜ ਅਤੇ ਟਰਾਂਸਪੋਰਟੇਸ਼ਨ ਟੈਂਡਰ ਮਨਜ਼ੂਰ ਕਰਨ ਦੇ ਅਮਲ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ਭਾਈਵਾਲਾਂ ਦੇ ਨਾਲ-ਨਾਲ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਸਬੰਧਤ ਖਰੀਦ ਏਜੰਸੀਆਂ ਦੇ ਕਰਮਚਾਰੀਆਂ ਵਿਰੁੱਧ ਕੇਸ ਦਰਜ ਕੀਤਾ ਹੈ।

ਇਸ ਕੇਸ ਸਬੰਧੀ ਮੁਲਜ਼ਮ ਤੇਲੂ ਰਾਮ ਵਾਸੀ ਪਿੰਡ ਊਧਨਵਾਲ, ਐੱਸਬੀਐੱਸ ਨਗਰ ਨੂੰ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਪ੍ਰਗਟਾਵਾ ਕਰਦਿਆਂ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਾਪਤ ਸ਼ਿਕਾਇਤ ਨੰਬਰ 72/2022 ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਉਪਰੰਤ ਉਪਰੋਕਤ ਪ੍ਰਾਈਵੇਟ ਫਰਮ ਦੇ ਮਾਲਕਾਂ ਤੇਲੂ ਰਾਮ, ਜਗਰੂਪ ਸਿੰਘ ਅਤੇ ਸੰਦੀਪ ਭਾਟੀਆ ਤੋਂ ਇਲਾਵਾ ਸਰਕਾਰੀ ਅਧਿਕਾਰੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13 (2) ਤਹਿਤ ਐੱਫਆਈਆਰ ਨੰਬਰ 11 ਮਿਤੀ 16-08-2022 ਨੂੰ ਲੁਧਿਆਣਾ ਵਿਖੇ ਦਰਜ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਪਾਇਆ ਗਿਆ ਹੈ ਕਿ ਸਾਲ 2020-21 ਲਈ ਲੁਧਿਆਣਾ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਲੇਬਰ, ਕਾਰਟੇਜ ਅਤੇ ਟਰਾਂਸਪੋਰਟੇਸ਼ਨ ਦੇ ਕੰਮਾਂ ਸਬੰਧੀ ਟੈਂਡਰ ਜਮ੍ਹਾਂ ਕਰਵਾਉਣ ਸਮੇਂ ਉਪਰੋਕਤ ਠੇਕੇਦਾਰਾਂ ਵੱਲੋਂ ਜਿਨ੍ਹਾਂ ਵਾਹਨਾਂ ਦੀਆਂ ਸੂਚੀਆਂ ਮਹਿਕਮੇ ਨੂੰ ਪੇਸ਼ ਕੀਤੀਆਂ ਗਈਆਂ ਸਨ ਉਨ੍ਹਾਂ ਦੇ ਰਜਿਸਟ੍ਰੇਸ਼ਨ ਨੰਬਰ ਸਕੂਟਰਾਂ/ਮੋਟਰਸਾਈਕਲਾਂ/ਕਾਰਾਂ ਆਦਿ ਵਾਲੇ ਸਨ, ਜਿਸਦੀ ਕਿ ਜ਼ਿਲ੍ਹਾ ਟੈਂਡਰ ਕਮੇਟੀ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਇੱਕ ਦੂਜੇ ਨਾਲ ਅਪਰਾਧਿਕ ਮਿਲੀਭੁਗਤ ਕਾਰਨ ਤਸਦੀਕ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਨੀਤੀ ਅਨੁਸਾਰ ਉਪਰੋਕਤ ਕਾਰਨਾਂ ਕਰਕੇ ਕਮੇਟੀ ਵੱਲੋਂ ਤਕਨੀਕੀ ਬੋਲੀ ਨੂੰ ਰੱਦ ਕਰਨਾ ਲਾਜ਼ਮੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਅਨਾਜ ਦੀ ਲੋਡਿੰਗ/ਅਨਲੋਡਿੰਗ ਨਾਲ ਸਬੰਧਤ ਗੇਟ ਪਾਸਾਂ ਵਿੱਚ ਢੋਆ-ਢੁਆਈ ਲਈ ਵਰਤੇ ਗਏ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਸਕੂਟਰ/ਮੋਟਰਸਾਈਕਲ/ਕਾਰਾਂ ਆਦਿ ਦੇ ਪਾਏ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਉਕਤ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਦੇ ਵੇਰਵਿਆਂ ਦੇ ਨਾਲ-ਨਾਲ ਇਨ੍ਹਾਂ ਦਾ ਗੇਟ ਪਾਸਾਂ ਵਿੱਚ ਦਰਜ ਵਸਤਾਂ ਦੀ ਮਾਤਰਾ ਦਾ ਮਾਮਲਾ ਪਹਿਲੀ ਨਜ਼ਰੇ ਇਨ੍ਹਾਂ ਗੇਟ ਪਾਸਾਂ ਵਿੱਚ ਦਰਜ ਅਨਾਜ ਦੀ ਫਰਜ਼ੀ ਰਿਪੋਰਟਿੰਗ ਅਤੇ ਹੇਰਾਫੇਰੀ ਦਾ ਜਾਪਦਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਗੇਟ ਪਾਸਾਂ ਦੇ ਆਧਾਰ ’ਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਿਨਾਂ ਤਸਦੀਕ ਕੀਤੇ ਤੇਲੂ ਰਾਮ ਠੇਕੇਦਾਰ, ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ਭਾਈਵਾਲ ਜਗਰੂਪ ਸਿੰਘ ਅਤੇ ਠੇਕੇਦਾਰ ਸੰਦੀਪ ਭਾਟੀਆ ਨੂੰ ਅਦਾਇਗੀਆਂ ਵੀ ਕੀਤੀਆਂ ਗਈਆਂ ਹਨ।

 

Facebook Comments

Trending

Copyright © 2020 Ludhiana Live Media - All Rights Reserved.