ਖੇਤੀਬਾੜੀ

ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿਖੇ ਆਨਲਾਈਨ ਕਿਸਾਨ ਮੇਲੇ ਦੌਰਾਨ ਹੋਈਆਂ ਖੇਤੀ ਵਿਚਾਰਾਂ 

Published

on

ਲੁਧਿਆਣਾ : ਪੀ.ਏ.ਯੂ. ਦੇ ਰੌਣੀ (ਪਟਿਆਲਾ) ਵਿਖੇ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਅੱਜ ਆਨਲਾਈਨ ਕਿਸਾਨ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਉੱਤਰੀ ਭਾਰਤ ਵਿਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਨਿਗਰਾਨ ਅਤੇ ਨਿਰਦੇਸ਼ਕ ਅਟਾਰੀ ਡਾ ਰਾਜਬੀਰ ਸਿੰਘ ਬਰਾੜ ਸ਼ਾਮਿਲ ਹੋਏ ।

ਡਾ. ਬਰਾੜ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਅੱਜ ਦੇ ਸਮੇਂ ਦੀ ਉਭਰਵੀਂ ਲੋੜ ਹੈ । ਉਹਨਾਂ ਕਿਹਾ ਕਿ ਪੀ ਏ ਯੂ ਦੀਆਂ ਘੱਟ ਮਿਆਦ ਵਾਲੀਆਂ ਕਿਸਮਾਂ ਬੀਜ ਕੇ ਝੋਨੇ ਵਿੱਚ ਪਾਣੀ ਦੀ ਵਰਤੋਂ ਨੂੰ ਘਟਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਪਾਣੀ ਦੀ ਸੰਭਾਲ ਵਾਲੀਆਂ ਤਕਨੀਕਾਂ ਦੇ ਪਸਾਰ ਦੀ ਲੋਡ਼ ਹੈ। ਇਸ ਲਈ ਲੇਜ਼ਰ ਲੈਵਲਰ ਅਤੇ ਸਿੱਧੀ ਬਿਜਾਈ ਥੱਲੇ ਰਕਬਾ ਆਉਣ ਵਾਲੇ ਸਾਲਾਂ ਵਿੱਚ ਵਧਾਉਣਾ ਪਵੇਗਾ।

ਨਿਰਦੇਸ਼ਕ ਅਟਾਰੀ ਨੇ ਪਰਾਲੀ ਦੀ ਸਾਂਭ ਸੰਭਾਲ ਅਤੇ ਸਹਾਇਕ ਕਿੱਤਿਆਂ ਨੂੰ ਹੋਰ ਫੈਲਾਅ ਦੀ ਲੋੜਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੀਏਯੂ ਨੇ ਰਸਾਇਣਕ ਮੁਕਤ ਉਤਪਾਦਾਂ ਦੇ ਖੇਤਰ ਵਿੱਚ ਕਾਫ਼ੀ ਕੰਮ ਕੀਤਾ ਹੈ। ਇਸ ਦਿਸ਼ਾ ਵਿੱਚ ਪਟਿਆਲੇ ਵਿੱਚ ਬਾਗਬਾਨੀ ਦੀਆਂ ਸੰਭਾਵਨਾਵਾਂ ਨੂੰ ਹੋਰ ਵਿਕਸਿਤ ਕਰਕੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੀ ਲੋੜ ਹੈ ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਨਵੀਆਂ ਖੇਤੀ ਖੋਜਾਂ ਅਤੇ ਤਕਨੀਕਾਂ ਦਾ ਜ਼ਿਕਰ ਕੀਤਾ । ਉਹਨਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ 54 ਸਿਫ਼ਾਰਿਸ਼ਾਂ ਜਾਰੀ ਹੋਈਆਂ ਹਨ। ਇਸੇ ਲੜੀ ਵਿਚ ਇਸ ਵਾਰ ਝੋਨੇ ਦੀਆਂ ਨਵੀਆਂ ਕਿਸਮਾਂ ਪੀ ਆਰ-130 ਅਤੇ ਪੀ ਆਰ-131 ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ . ਇਸ ਤੋਂ ਇਲਾਵਾ ਮੱਕੀ ਦੀ ਕਿਸਮ ਪੰਜਾਬ ਬੇਬੀ ਕੌਰਨ-1 ਵੀ ਫਸਲੀ ਵਿਭਿੰਨਤਾ ਦੇ ਉਦੇਸ਼ ਨਾਲ ਵਿਕਸਿਤ ਕੀਤੀ ਗਈ ਹੈ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਸਵਾਗਤੀ ਸ਼ਬਦ ਬੋਲਦਿਆਂ ਆਨਲਾਈਨ ਮੇਲੇ ਲਾਉਣ ਦੇ ਮੰਤਵ ਅਤੇ ਮੇਲਿਆਂ ਦੀ ਰੂਪਰੇਖਾ ਬਾਰੇ ਗੱਲ ਕੀਤੀ ਉਹਨਾਂ ਕਿਹਾ ਕਿ ਮੇਲਿਆਂ ਦਾ ਥੀਮ ‘ਧਰਤੀ ਪਾਣੀ ਪੌਣ ਬਚਾਈਏ, ਪੁਸ਼ਤਾਂ ਖਾਤਰ ਧਰਮ ਨਿਭਾਈਏ’ ਰੱਖਿਆ ਗਿਆ ਹੈ ਜਿਸ ਨਾਲ ਸਰੋਤਾਂ ਦੀ ਸਹੀ ਵਰਤੋਂ ਦਾ ਸੁਨੇਹਾ ਕਿਸਾਨਾਂ ਤੱਕ ਦੇਣ ਦਾ ਉਦੇਸ਼ ਹੈ ।

Facebook Comments

Trending

Copyright © 2020 Ludhiana Live Media - All Rights Reserved.