ਲੁਧਿਆਣਾ : ਪੀ.ਏ.ਯੂ. ਨੇ ਬੀਤੇ ਦਿਨੀਂ ਦੋ ਕੰਪਨੀਆਂ ਜਿਨਾਂ ਵਿੱਚ ਮੈਸ. ਜਗਤਜੀਤ ਐਗਰੀ ਇੰਡੀਆ ਪ੍ਰਾਈਵੇਟ ਲਿਮਿਟਡ, ਜਨਤਾ ਨਗਰ ਲੁਧਿਆਣਾ ਅਤੇ ਮੈਸ. ਦਸ਼ਮੇਸ਼ ਐਗਰੀਕਲਚਰਲ ਪ੍ਰਾਈਵੇਟ ਲਿਮਿਟਡ, ਰਾਏਕੋਟ ਰੋਡ, ਮਲੇਰਕੋਟਲਾ ਨਾਲ ਟਰੈਕਟਰ ਦੁਆਰਾ ਚਲਾਏ ਜਾਣ ਵਾਲੇ ਪੀ.ਏ.ਯੂ. ਸਮਾਰਟ ਸੀਡਰ ਦੇ ਵਪਾਰੀਕਰਨ ਦੇ ਸਮਝੌਤੇ ਤੇ ਹਸਤਾਖਰ ਕੀਤੇ ਗਏ ਹਨ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸ. ਜਗਜਤਜੀਤ ਸਿੰਘ ਤੇ ਸ਼੍ਰੀ ਅਮਰ ਸਿੰਘ ਨੇ ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇੇ ’ਤੇ ਹਸਤਾਖਰ ਕੀਤੇ।

ਪੀ.ਏ.ਯੂ. ਸਮਾਰਟ ਸੀਡਰ ਝੋਨੇ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਤੇ ਵਿਛਾ ਕੇ ਉਸਦੀ ਸੰਭਾਲ ਕਰਦਾ ਹੈ ਅਤੇ ਇਸ ਤਰਾਂ ਇਹ ਮਸ਼ੀਨ ਹੈਪੀ ਸੀਡਰ ਅਤੇ ਸੁਪਰ ਸੀਡਰ ਦੋਵਾਂ ਮਸ਼ੀਨਾਂ ਦਾ ਸੁਮੇਲ ਹੈ । ਪੀ.ਏ.ਯੂ. ਸਮਾਰਟ ਸੀਡਰ ਕਣਕ ਦੇ ਬੀਜ ਨੂੰ ਮਿੱਟੀ ਦੇ ਇੱਕ ਚੰਗੀ ਤਰਾਂ ਵਾਹੇ ਹੋਏ ਸਿਆੜ ਵਿੱਚ ਪੋਰਦਾ ਹੈ ਅਤੇ ਮਿੱਟੀ ਨਾਲ ਬੀਜ ਦੀਆਂ ਕਤਾਰਾਂ ਨੂੰ ਢੱਕਦਾ ਹੈ, ਇਸ ਮਸ਼ੀਨ ਨੂੰ 45 ਤੋਂ 50 ਹਾਰਸ ਪਾਵਰ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ। ਮਸ਼ੀਨ ਦੀ ਕਾਰਜ ਸਮਰੱਥਾ 0.4 ਹੈਕਟੇਅਰ/ਘੰਟਾ ਅਤੇ ਬਾਲਣ ਦੀ ਖਪਤ 5.5 ਲਿਟਰ/ਏਕੜ ਹੈ।