ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪੂਨੇ ਸਥਿਤ ਇਕ ਫਰਮ ਪੈਂਟਾਗਨ ਬਾਇਓ ਫਿਊਲਜ਼ ਪ੍ਰਾਈਵੇਟ ਲਿਮਿਟਡ ਨਾਲ ਲਿੰਗਨਿਨ ਅਤੇ ਸਿਲੀਕਾ ਤੋਂ ਬਣੇ ਫੰਗਲ ਕੰਨਸ਼ੋਰਸ਼ੀਅਮ ਅਧਾਰਿਤ ਪੇਟੈਂਟ ਹੋਈ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ| ਇਹ ਤਕਨਾਲੋਜੀ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਵਿਗਿਆਨੀ ਡਾ. ਉਰਮਿਲਾ ਗੁਪਤਾ ਫੁਟੇਲਾ ਅਤੇ ਡਾ. ਕਰਮਜੀਤ ਕੌਰ ਵੱਲੋਂ ਵਿਕਸਿਤ ਕੀਤੀ ਗਈ ਹੈ|

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪੂਨੇ ਦੀ ਸੰਬੰਧਿਤ ਫਰਮ ਵੱਲੋਂ ਸ਼੍ਰੀ ਉਜਵਲ ਅਠਾਲਵੇ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ| ਖੇਤੀ ਇੰਜਨੀਅਰਿੰਗ ਕਾਲਜ ਦੇ ਕਾਰਜਕਾਰੀ ਡੀਨ ਡਾ. ਰਾਜਨ ਅਗਰਵਾਲ ਨੇ ਦੱਸਿਆ ਕਿ ਇਸ ਤਕਨਾਲੋਜੀ ਤਹਿਤ ਵਿਕਸਿਤ ਫੰਗਲ ਕੰਨਸ਼ੋਰਸ਼ੀਅਮ ਪਰਾਲੀ ਤੋਂ ਬਣਨ ਵਾਲੇ ਬਾਇਓ ਗੈਸ ਦੇ ਨਿਰਮਾਣ ਵਿਚ 15% ਤੱਕ ਦਾ ਵਾਧਾ ਕਰ ਦਿੰਦਾ ਹੈ| ਉਹਨਾਂ ਕਿਹਾ ਕਿ ਪਰਾਲੀ ਨੂੰ ਬਾਲਣ ਦੇ ਤੌਰ ਤੇ ਵਰਤ ਕੇ ਤਾਪ ਦੀ ਪ੍ਰਕਿਰਿਆ ਨੂੰ ਵਧਾਇਆ ਜਾ ਸਕਦਾ ਹੈ ਜਿਸ ਨਾਲ ਕੰਪਰੈਸਟ ਬਾਇਓਗੈਸ ਅਤੇ ਊਰਜਾ ਪੈਦਾ ਕੀਤੀ ਜਾ ਸਕਦੀ ਹੈ|