ਖੇਤੀਬਾੜੀ

 ਝੋਨੇ ਦੇ ਮਧਰੇਪਨ ਲਈ ਬੇਲੋੜੇ ਖੇਤੀ ਰਸਾਇਣਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਦਿੱਤੀ ਸਲਾਹ

Published

on

ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ ਸਰਵੇਖਣ ਕੀਤਾ ਜਿਸ ਵਿੱਚ ਝੋਨੇ/ਬਾਸਮਤੀ ਦੇ ਕੁੱਝ ਬੂਟਿਆਂ ਵਿੱਚ ਮਧਰੇਪਨ ਦਾ ਰੋਗ ਪਾਇਆ ਗਿਆ। ਪੀ. ਏ. ਯੂ. ਦੀ ਘੋਖ ਅਨੁਸਾਰ ਝੋਨੇ ਦੇ ਇਸ ਮਧਰੇਪਨ ਦਾ ਕਾਰਨ ‘ਦੱਖਣੀ ਝੋਨਾ ਬਲੈਕ-ਸਟ੍ਰੀਕਡ ਬੌਣਾ ਵਾਇਰਸ’ ਪਾਇਆ ਗਿਆ ਹੈ।

ਕੁਝ ਖੇਤਾਂ ਵਿੱਚ ਇਸ ਵਾਇਰਸ ਦੇ ਜ਼ਿਆਦਾ ਹਮਲੇ ਕਾਰਨ ਕੁੱਝ ਬੂਟੇ ਮੁਰਝਾਏ ਹੋਏ ਜਾਂ ਰੁਕੇ ਹੋਏ ਵੇਖੇ ਗਏ ਜਿਨ੍ਹਾਂ ਦੀ ਉੱਚਾਈ ਆਮ ਬੂਟਿਆਂ ਨਾਲੋਂ ਦੂਜਾ, ਤੀਜਾ ਹਿੱਸਾ ਘੱਟ ਗਈ ਹੈ। ਇਹਨਾਂ ਪ੍ਰਭਾਵਿਤ ਬੂਟਿਆਂ ਦੀਆਂ ਜੜ੍ਹਾਂ ਘੱਟ ਡੂੰਘੀਆਂ ਹਨ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਜੜ੍ਹੋਂ ਪੁੱਟਿਆ ਜਾ ਸਕਦਾ ਹੈ। ਸਰਵੇਖਣ ਦੌਰਾਨ ਇਹ ਮਧਰਾਪਨ ਲਗਭਗ ਕਾਸ਼ਤ ਅਧੀਨ ਸਾਰੀਆਂ ਕਿਸਮਾਂ ਵਿੱਚ ਦੇਖਿਆ ਗਿਆ ਹੈ। ਅਗੇਤੀ ਬੀਜੀ ਝੋਨੇ ਦੀ ਫਸਲ ਤੇ ਇਹ ਰੋਗ ਵਧੇਰੇ ਸੀ ਜਦਕਿ 25 ਜੂਨ ਤੋਂ ਬਾਅਦ ਬੀਜੀ ਫਸਲ ਵਿੱਚ ਇਹ ਰੋਗ ਬਹੁਤ ਘੱਟ ਵੇਖਿਆ ਗਿਆ। ਪੰਜਾਬ ਵਿੱਚ ਇਸ ਸਾਲ ਇਹ ਵਾਇਰਸ ਦਾ ਰੋਗ ਪਹਿਲੀ ਵਾਰ ਵੇਖਣ ਵਿੱਚ ਆਇਆ ਹੈ।

ਹੋਰ ਦੇਸ਼ਾਂ ਤੋਂ ਪ੍ਰਕਾਸ਼ਿਤ ਵਿਗਿਆਨਕ ਰਿਪੋਰਟਾਂ ਅਨੁਸਾਰ ਇਸ ਵਾਇਰਸ ਦਾ ਰੋਗ ਝੋਨੇ ਦੇ ਚਿੱਟੀ ਪਿੱਠ ਵਾਲਾ ਟਿੱਡੇ ਦੇ ਬੱਚੇ ਅਤੇ ਬਾਲਗਾਂ ਰਾਹੀਂ ਫੈਲਦਾ ਹੈ। ਮਾਹਿਰਾਂ ਨੇ ਦੱਸਿਆ ਕਿ ਕਿਸੇ ਵੀ ਵਾਇਰਸ ਦੀ ਰੋਕਥਾਮ ਦਾ ਕੋਈ ਉਪਾਅ ਨਹੀਂ ਹੰੁਦਾ ਇਸ ਕਰਕੇ ਇਸ ‘ਝੋਨੇ ਦੇ ਮਧਰੇ ਬੂਟਿਆਂ ਦੇ ਰੋਗ’ ਲਈ ਕੋਈ ਵੀ ਖੇਤੀ ਰਸਾਇਣ ਨਾ ਵਰਤਿਆ ਜਾਵੇ। ਇੱਕ ਵਾਰ ਮਧਰੇ ਹੋਏ ਬੂਟੇ ਕਿਸੇ ਵੀ ਰਸਾਇਣ ਦੀ ਵਰਤੋਂ ਨਾਲ ਠੀਕ ਨਹੀਂ ਹੋ ਸਕਦੇ। ਉਹਨਾਂ ਇਹ ਵੀ ਕਿਹਾ ਤੰਦਰੁਸਤ ਦਿੱਖ ਵਾਲ਼ੇ ਬੂਟੇ ਹੁਣ ਮਧਰੇ ਨਹੀਂ ਹੋਣਗੇ।

ਮਾਹਿਰਾਂ ਅਨੁਸਾਰ ਕਿਉਂਕਿ ਚਿੱਟੀ ਪਿੱਠ ਵਾਲਾ ਟਿੱਡਾ ਇਹ ਰੋਗ ਫੈਲਾ ਸਕਦਾ ਹੈ, ਇਸ ਲਈ ਆਪਣੀ ਝੋਨੇ ਦੀ ਫਸਲ ਦਾ ਲਗਾਤਾਰ ਹਫਤੇ-ਦਰ-ਹਫਤੇ ਸਰਵੇਖਣ ਕਰਦੇ ਰਹੋ। ਇਸ ਟਿੱਡੇ ਦੇ ਨਜਰ ਆਉਣ ਤੇ ਰੋਕਥਾਮ ਲਈ 94 ਮਿਲੀਲਿਟਰ ਪੈਕਸਾਲੋਨ 10 ਐਸ ਸੀ (ਟਰਾਈਫਲੂਮੇਜ਼ੋਪਾਈਰਿਮ) ਜਾਂ 80 ਗ੍ਰਾਮ ਓਸ਼ੀਨ/ਟੋਕਨ 20 ਐਸ ਜੀ ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਿਜ਼ਨ) ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ ।

Facebook Comments

Trending

Copyright © 2020 Ludhiana Live Media - All Rights Reserved.