ਪੰਜਾਬੀ

ਏ.ਡੀ.ਜੀ.ਪੀ. ਵਲੋਂ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ‘ਚ ਇਜਾਫਾ ਕਰਨ ਦੇ ਵੀ ਦਿੱਤੇ ਨਿਰਦੇਸ਼

Published

on

ਲੁਧਿਆਣਾ :  ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਸੁਰੱਖਿਆ) ਸੁਧਾਂਸ਼ੂ ਐਸ ਸ੍ਰੀਵਾਸਤਵ ਵਲੋਂ 74ਵੇਂ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਖਾਸ ਕਰਕੇ ਸਾਰੀਆਂ ਸੰਵੇਦਨਸ਼ੀਲ ਥਾਵਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।

ਲੁਧਿਆਣਾ ਦੇ ਕੁਝ ਅਹਿਮ ਸਥਾਨਾਂ ਦਾ ਦੌਰਾ ਕਰਦਿਆਂ, ਏ.ਡੀ.ਜੀ.ਪੀ. ਨੇ ਪੰਜਾਬ ਪੁਲਿਸ ਦੀ ਹਰ ਹੀਲੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਪ੍ਰਬੰਧਾਂ ਦਾ ਨਿਰੀਖਣ ਕਰਨ ਦਾ ਇੱਕੋ ਇੱਕ ਉਦੇਸ਼ ਸੁਰੱਖਿਆ ਪ੍ਰਣਾਲੀ ਨੂੰ ਵਧੇਰੇ ਜਵਾਬਦੇਹ ਅਤੇ ਕੁਸ਼ਲ ਬਣਾਉਣਾ ਹੈ।

ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਪਹਿਲਾਂ ਹੀ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਸ੍ਰੀਵਾਸਤਵ ਨੇ ਅੱਗੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਸੰਵੇਦਨਸ਼ੀਲ ਥਾਵਾਂ ‘ਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨ ਲਈ ਨਿਯਮਤ ਤੌਰ ‘ਤੇ ਅਚਨਚੇਤ ਦੌਰੇ ਕੀਤੇ ਜਾ ਰਹੇ ਹਨ। ਉਨ੍ਹਾਂ ਸਬ ਡਵੀਜ਼ਨਲ ਏ.ਸੀ.ਪੀਜ਼ ਅਤੇ ਐਸ.ਐਚ.ਓਜ਼ ਨੂੰ ਆਪਣੀ ਸਰਗਰਮ ਭੂਮਿਕਾ ਨਿਭਾਉਣ ਅਤੇ ਇਲਾਕੇ ਵਿੱਚ ਅਮਨ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ।

ਬਾਅਦ ਵਿੱਚ, ਏ.ਡੀ.ਜੀ.ਪੀ. ਵਲੋਂ ਜੀਓ ਰੈਂਕ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ, ਜਿੱਥੇ ਉਨ੍ਹਾਂ ਅਧਿਕਾਰੀਆਂ ਨੂੰ ਜਨਤਕ ਥਾਵਾਂ ‘ਤੇ 24 ਘੰਟੇ ਗਸ਼ਤ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਗਣਤੰਤਰ ਦਿਵਸ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ/ਪੀਸੀਆਰ ਸਟਾਫ਼ ਨੂੰ ਸ਼ਹਿਰ ਦੀ ਚੌਵੀ ਘੰਟੇ ਨਿਗਰਾਨੀ ਅਤੇ ਗਸ਼ਤ ਕਰਨ ਲਈ ਕਿਹਾ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.