ਪੰਜਾਬੀ

ਬਲਬੀਰ ਰਾਜੇਵਾਲ ਵਲੋਂ ਸਰਗਰਮੀਆਂ ਤੇਜ਼, ਇਸ ਹਲਕੇ ਤੋਂ ਲੜਨਗੇ ਚੋਣ

Published

on

ਮਾਛੀਵਾੜਾ ਸਾਹਿਬ (ਲੁਧਿਆਣਾ ) :  ਕਿਸਾਨ ਅੰਦੋਲਨ ਦੌਰਾਨ ਅੰਤਰਰਾਸ਼ਟਰੀ ਪੱਧਰ ਦੀ ਪਹਿਚਾਣ ਬਣੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਹਲਕਾ ਸਮਰਾਲਾ ਤੋਂ ਚੋਣ ਲੜਨ ਦਾ ਬਿਗੁਲ ਵਜਾਉਂਦਿਆਂ ਇਲਾਕੇ ’ਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਚੋਣ ਮੈਦਾਨ ’ਚ ਉਤਰਨ ਤੋਂ ਬਾਅਦ ਹਲਕਾ ਸਮਰਾਲਾ ’ਚ ਕਾਫ਼ੀ ਸਿਆਸੀ ਉੱਥਲ-ਪੁਥਲ ਹੋਵੇਗੀ।

ਜ਼ਿਕਰਯੋਗ ਹੈ ਕਿ ਬਲਬੀਰ ਸਿੰਘ ਰਾਜੇਵਾਲ ਸਿਆਸਤ ਵਿਚ ਕੋਈ ਨਵੇਂ ਨਹੀਂ ਅਤੇ ਕਈ ਸਾਲ ਪਹਿਲਾਂ ਉਨ੍ਹਾਂ ਦੀਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਨਜ਼ਦੀਕੀਆਂ ਰਹੀਆਂ। ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਉਨ੍ਹਾਂ ਦੀਆਂ ਚੋਣ ਲੜਨ ਦੀਆਂ ਚਰਚਾਵਾਂ ਜ਼ੋਰਾਂ ’ਤੇ ਰਹੀਆਂ ਅਤੇ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬੰਸ ਸਿੰਘ ਮਾਣਕੀ ਦਾ ਵੀ ਸਮਰਥਨ ਕੀਤਾ ਸੀ।

ਕਿਸਾਨੀ ਮੁੱਦਿਆਂ ਦੇ ਮਾਹਿਰ, ਪੜ੍ਹੇ-ਲਿਖੇ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਨੇੜਤਾ ਰੱਖਣ ਵਾਲੇ ਬਲਬੀਰ ਸਿੰਘ ਰਾਜੇਵਾਲ ਨੂੰ ਚੋਣਾਂ ’ਚ ਕਾਫ਼ੀ ਲਾਭ ਮਿਲ ਸਕਦਾ ਹੈ। ਕਿਸਾਨ ਅੰਦੋਲਨ ਜਿੱਤਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀਆਂ 42 ਕਿਸਾਨ ਜਥੇਬੰਦੀਆਂ ’ਚੋਂ 22 ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਨਾਮ ਦੀ ਨਵੀਂ ਪਾਰਟੀ ਦਾ ਗਠਨ ਕਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 117 ਸੀਟਾਂ ਤੋਂ ਉਮੀਦਵਾਰ ਉਤਾਰਨ ਦਾ ਐਲਾਨ ਕਰ ਦਿੱਤਾ ਸੀ ।

ਬੇਸ਼ੱਕ ਸੰਯੁਕਤ ਸਮਾਜ ਮੋਰਚਾ ਵੱਲੋਂ ਅਜੇ ਤੱਕ ਕਿਸੇ ਵੀ ਸੀਟ ’ਤੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਬਲਕਿ ਇਸ ਪਾਰਟੀ ਦੇ ਸੁਪਰੀਮੋ ਬਲਬੀਰ ਸਿੰਘ ਰਾਜੇਵਾਲ ਵੱਲੋਂ ਅੱਜ ਹਲਕਾ ਸਮਰਾਲਾ ’ਚ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਆਪਣੇ ਸਮਰਥਕਾਂ ਸਮੇਤ ਮਾਛੀਵਾੜਾ ਇਲਾਕੇ ’ਚ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਦਿਖਾਈ ਦਿੱਤੇ।

Facebook Comments

Trending

Copyright © 2020 Ludhiana Live Media - All Rights Reserved.