ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਮਹੇਸ਼ ਇੰਦਰ ਗੇਰਵਾਲ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਦੇ ਔਰਤਾਂ ਬਾਰੇ ਐਲਾਨਾਂ ਸਬੰਧੀ ਕੀਤੇ ਗਏ ਟਵੀਟ ਨੂੰ ਲੈ ਕੇ ਵੀ ਰਗੜੇ ਲਾਏ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਸਭ ਸ਼ਰੇਆਮ ਚੱਲ ਰਿਹਾ ਹੈ ਅਤੇ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਇਨ੍ਹਾਂ ਸਭ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਗਰੇਵਾਲ ਵੱਲੋਂ ਅੰਮ੍ਰਿਤਸਰ ਵਿਖੇ ਹੋਏ ਪੰਥਕ ਇਕੱਠ ‘ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੀਆਂ ਨਿੰਦਣਯੋਗ ਟਿੱਪਣੀਆਂ ਨੂੰ ਅਕਾਲੀ ਦਲ ਅਤੇ ਸਿੱਖ ਕੌਮ ਕਦੇ ਪਰਵਾਨ ਨਹੀਂ ਕਰੇਗੀ।
ਉਨ੍ਹਾਂ ਨੇ ਸੁਖਜਿੰਦਰ ਰੰਧਾਵਾ ਨੂੰ ਆਪਣੇ ਦਾਇਰੇ ‘ਚ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਆਪਣੇ ਦਾਇਰੇ ਤੋਂ ਬਾਹਰ ਨਿਕਲ ਕੇ ਖ਼ੁਦ ਨੂੰ ਵੱਡਾ ਲੀਡਰ ਬਣਾਉਣ ਦੀ ਕੋਸ਼ਿਸ਼ ਨਾ ਕਰਨ।
ਗਰੇਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਜੋ ਐਲਾਨ ਕੀਤੇ ਹਨ, ਉਨ੍ਹਾਂ ਨੂੰ ਕਾਂਗਰਸ ਸਰਕਾਰ ਤੁਰੰਤ ਲਾਗੂ ਕਰੇ ਕਿਉਂਕਿ ਇਸ ਸਮੇਂ ਕਾਂਗਰਸ ਦੀ ਹੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਅੱਗੇ ਝੂਠੇ ਐਲਾਨ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ।