ਪੰਜਾਬ ਨਿਊਜ਼

ਜਰਮਨੀ ਵਸਦੇ ਸਬਜ਼ੀ ਵਿਗਿਆਨੀ ਨੇ ਪੀ.ਏ.ਯੂ. ਦਾ ਦੌਰਾ ਕੀਤਾ

Published

on

ਲੁਧਿਆਣਾ : ਜਰਮਨੀ ਵਿੱਚ ਵਸੇ ਸਬਜ਼ੀ ਵਿਗਿਆਨੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਡਾ: ਰਜਿੰਦਰ ਸਿੰਘ ਜੌਹਲ ਨੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਸ੍ਰੀ ਜਸਵਿੰਦਰ ਸਿੰਘ ਰਿਆੜ ਅਤੇ ਸ੍ਰੀ ਅਜੇ ਪਾਲ ਸਿੰਘ ਪੂਨੀਆ ਤੇ ਉੱਘੇ ਲੇਖਕ ਅਤੇ ਕੁਦਰਤ ਕਲਾਕਾਰ ਸ੍ਰੀ ਹਰਪ੍ਰੀਤ ਸਿੰਘ ਸੰਧੂ ਵੀ ਸਨ ।

ਡਾ. ਜੌਹਲ ਦਾ ਸਵਾਗਤ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਦਾ ਇੱਥੇ ਆਉਣਾ ਮਾਣ ਵਾਲੀ ਗੱਲ ਹੈ । ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਤੋਂ ਪੜੇ ਵਿਗਿਆਨੀ ਦੁਨੀਆਂ ਦੇ ਹੋਰ ਮੁਲਕਾਂ ਵਿੱਚ ਸੇਵਾ ਕਰਕੇ ਆਪਣਾ ਅਤੇ ਇਸ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਦੇ ਹਨ । ਡਾ. ਗੋਸਲ ਨੇ ਕਿਹਾ ਕਿ ਇਹ ਗੱਲ ਸਾਡੇ ਸਭ ਲਈ ਫਕਰ ਵਾਲੀ ਹੈ ਕਿ ਪੀ.ਏ.ਯੂ. ਨੇ ਦੁਨੀਆਂ ਦੇ ਸਿਰਕੱਢ ਵਿਗਿਆਨੀ ਪੈਦਾ ਕੀਤੇ ਹਨ ।

ਡਾ. ਰਜਿੰਦਰ ਸਿੰਘ ਜੌਹਲ ਨੇ ਭਾਰਤ-ਜਰਮਨ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਦੋਵਾਂ ਦੇਸ਼ਾਂ ਦੀਆਂ ਸਿੱਖਿਆ ਪ੍ਰਣਾਲੀਆਂ ਵਿੱਚ ਅੰਤਰ ਦਾ ਹਵਾਲਾ ਦਿੱਤਾ ਅਤੇ ਆਉਣ ਵਾਲੇ ਸਮੇਂ ਵਿੱਚ ਨਵੇਂ ਖੇਤਰਾਂ ਬਾਰੇ ਚਰਚਾ ਕੀਤੀ, ਜਿਨ੍ਹਾਂ ਲਈ ਹੁਨਰਮੰਦ ਵਿਅਕਤੀਆਂ ਦੀ ਲੋੜ ਹੈ। ਉਹਨਾਂ ਨੇ ਅੱਜ ਦੇ ਸੰਸਾਰ ਵਿੱਚ ਬਹੁ-ਭਾਸ਼ਾਈ ਹੋਣ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। ਪੁਰਾਣੀਆਂ ਯਾਦਾਂ ਨਾਲ ਲਪੇਟ ਕੇ, ਡਾ ਜੌਹਲ ਨੇ ਇਸ ਯੂਨੀਵਰਸਿਟੀ ਦੀ ਮਹੱਤਤਾ ਨੂੰ ਦੁਹਰਾਇਆ।

ਡਾ. ਤੇਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ ਨੇ ਸਖ਼ਤ ਮਿਹਨਤ ਅਤੇ ਭਾਈਚਾਰਕ ਸਾਂਝ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਹਮੇਸ਼ਾ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਸਮੇਂ ਦੀ ਕਸੌਟੀ `ਤੇ ਖਰਾ ਉਤਰੇ ਹਨ । ਇਸ ਮੌਕੇ ਡਾ. ਰਿਸ਼ੀਇੰਦਰ ਸਿੰਘ ਗਿੱਲ ਅਸਟੇਟ ਅਫਸਰ ਵੀ ਸ਼ਾਮਲ ਸਨ । ਮਹਿਮਾਨਾਂ ਨੂੰ ਬਾਅਦ ਵਿੱਚ ਪੇਂਡੂ ਅਜਾਇਬ ਘਰ ਦਿਖਾਇਆ ਗਿਆ ।

Facebook Comments

Trending

Copyright © 2020 Ludhiana Live Media - All Rights Reserved.