ਪੰਜਾਬੀ

ਜਾਅਲੀ ਵੀਜਾ ਲਗਾ ਕੇ ਕੈਨੇਡਾ ਭੇਜਣ ਵਾਲਾ ਟਰੈਵਲ ਏਜੰਟ ਪੁਲਿਸ ਅੜਿੱਕੇ

Published

on

ਲੁਧਿਆਣਾ : ਨੇੜਲੇ ਪਿੰਡ ਮੰਡ ਉਧੋਵਾਲ ਦੇ ਜਸਪਾਲ ਸਿੰਘ ਤੋਂ ਟ੍ਰੈਵਲ ਏਜੰਟਾਂ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਜਾਅਲੀ ਵੀਜੇ ਦੇ ਕਾਗਜ਼ ਦਿਖਾ ਲੱਖਾਂ ਰੁਪਏ ਠੱਗ ਲਏ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਨੇ ਜਸਪਾਲ ਸਿੰਘ ਤੋਂ ਲੱਖਾਂ ਰੁਪਏ ਠੱਗਣ ਵਾਲੇ ਕਥਿਤ ਦੋਸ਼ੀਆਂ ’ਚੋਂ ਇੱਕ ਵਿਅਕਤੀ ਇੰਦਰਪਾਲ ਸਿੰਘ ਭੱਟੀ ਵਾਸੀ ਰਾਮਗੜ੍ਹ, ਜਲੰਧਰ ਦਿਹਾਤੀ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਦੂਜਾ ਡੀ.ਕੇ. ਪਾਂਡੇ ਵਾਸੀ ਗੁੜਗਾਉਂ ਦੀ ਭਾਲ ਕੀਤੀ ਜਾ ਰਹੀ ਹੈ।

ਐੱਸਐੱਚਓ ਮਾਛੀਵਾੜਾ ਵਿਜੈ ਕੁਮਾਰ ਨੇ ਦੱਸਿਆ ਕਿ ਬੇਟ ਇਲਾਕੇ ਦੇ ਪਿੰਡ ਮੰਡ ਉਧੋਵਾਲ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਰਿਪੋਰਟ ਲਿਖਾਈ ਸੀ ਕਿ ਉਹ ਕੁਝ ਸਾਲ ਪਹਿਲਾਂ ਦੁਬਈ ਕੰਮਕਾਰ ਕਰਕੇ ਵਾਪਸ ਪਰਤਿਆ ਸੀ ਅਤੇ ਹੁਣ ਕੰਮ ਦੀ ਭਾਲ ਵਿਚ ਕੈਨੇਡਾ ਜਾਣ ਦਾ ਇਛੁੱਕ ਸੀ ਕਿ ਇਸ ਦੌਰਾਨ ਹੀ ਉਸ ਨੂੰ ਪਿੰਡ ਲੱਖਪੁਰ ਜ਼ਿਲ੍ਹਾ ਨਵਾਂਸ਼ਹਿਰ ਦਾ ਇੱਕ ਵਿਅਕਤੀ ਦਵਿੰਦਰ ਸਿੰਘ ਮਿਲਿਆ ਜਿਸ ਨੇ ਉਸਨੂੰ ਇੰਦਰਪਾਲ ਸਿੰਘ ਭੱਟੀ ਟ੍ਰੈਵਲ ਏਜੰਟ ਬਾਰੇ ਜਾਣਕਾਰੀ ਦਿੱਤੀ।

ਉਸ ਨੇ ਦੱਸਿਆ ਕਿ ਕੈਨੇਡਾ ਜਾਣ ਦੀ ਗੱਲ ਤੈਅ ਹੋ ਜਾਣ ਤੋਂ ਬਾਅਦ ਉਸਨੇ ਇੰਦਰਪਾਲ ਭੱਟੀ ਨੂੰ ਕੁਝ ਗਵਾਹਾਂ ਦੀ ਮੌਜੂਦਗੀ ਵਿਚ 4 ਲੱਖ ਰੁਪਏ ਪਹਿਲਾਂ ਦੇ ਦਿੱਤੇ ਫਿਰ ਜੁਲਾਈ 2021 ਵਿਚ 2 ਲੱਖ ਰੁਪਏ ਦਿੱਤੇ ਗਏ ਅਤੇ ਕੁਝ ਪੈਸੇ ਇੰਦਰਪਾਲ ਦੇ ਬੈਂਕ ਖਾਤੇ ਵਿਚ ਪਾਏ ਗਏ। ਜਸਪਾਲ ਸਿੰਘ ਨੇ ਦੱਸਿਆ ਕਿ ਕੈਨੇਡਾ ਜਾਣ ਲਈ ਇੰਦਰਪਾਲ ਭੱਟੀ ਨਾਲ ਉਸਦਾ 20 ਲੱਖ ਰੁਪਏ ਵਿਚ ਗੱਲਬਾਤ ਹੋਈ ਸੀ ਜਿਸ ਤੋਂ ਬਾਅਦ ਉਸਨੇ ਮੇਰੇ ਮੋਬਾਇਲ ਦੇ ਵਟਸਐਪ ਨੰਬਰ ’ਤੇ ਕੈਨੇਡਾ ਦਾ ਲੱਗਿਆ ਵੀਜ਼ਾ ਭੇਜ ਦਿੱਤਾ ਅਤੇ ਕਿਹਾ ਕਿ ਉਹ ਵਿਦੇਸ਼ ਜਾਣ ਦੀ ਤਿਆਰੀ ਕਰ ਲਵੇ। ਮੇਰੇ ਵਲੋਂ ਜਦੋਂ ਇਹ ਵੀਜ਼ਾ ਚੈੱਕ ਕਰਵਾਇਆ ਗਿਆ ਤਾਂ ਉਹ ਜਾਅਲੀ ਨਿਕਲਿਆ।

ਬਿਆਨਕਰਤਾ ਨੇ ਦੋਸ਼ ਲਗਾਇਆ ਕਿ ਇੰਦਰਪਾਲ ਸਿੰਘ ਭੱਟੀ ਅਤੇ ਉਸਦੇ ਸਾਥੀ ਡੀ.ਕੇ. ਪਾਂਡੇ ਨੇ ਮਿਲ ਕੇ ਸਾਡੇ ਨਾਲ 6 ਲੱਖ 27 ਹਜ਼ਾਰ ਰੁਪਏ ਦੀ ਠੱਗੀ ਮਾਰੀ। ਵਿਦੇਸ਼ ਜਾਣ ਵਾਲੇ ਜਸਪਾਲ ਸਿੰਘ ਨੇ ਕੈਨੇਡਾ ਦੇ ਜਾਅਲੀ ਵੀਜ਼ੇ ਬਾਰੇ ਕੋਈ ਜਾਣਕਾਰੀ ਨਾ ਦਿੱਤੀ ਅਤੇ ਕਿਹਾ ਕਿ ਉਹ ਬਕਾਇਆ 13 ਲੱਖ ਰੁਪਏ ਆ ਕੇ ਲੈ ਜਾਵੇ। ਕੱਲ ਇੰਦਰਪਾਲ ਭੱਟੀ ਜਦੋਂ ਮਾਛੀਵਾੜਾ ਵਿਖੇ ਜਸਪਾਲ ਸਿੰਘ ਤੋਂ 13 ਲੱਖ ਰੁਪਏ ਲੈਣ ਆਇਆ ਤਾਂ ਪੁਲਿਸ ਅਡ਼ਿੱਕੇ ਆ ਗਿਆ। ਪੁਲਿਸ ਵਲੋਂ ਇੰਦਰਪਾਲ ਸਿੰਘ ਭੱਟੀ ਅਤੇ ਡੀ.ਕੇ. ਪਾਂਡੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.