ਲੁਧਿਆਣਾ : ਲੁਧਿਆਣਾ ਵਿੱਚ ਇੱਕ ਟਰੈਕਟਰ ਮੈਡੀਕਲ ਸਟੋਰ ਦਾ ਸ਼ਟਰ ਤੇ ਸ਼ੀਸ਼ਾ ਤੋੜ ਕੇ ਅੰਦਰ ਵੜ੍ਹ ਗਿਆ। ਜਿਸ ਨਾਲ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਹੈ। ਟਰੈਕਟਰ ਅੰਦਰ ਵੜਨ ਦੀ ਘਟਨਾ ਉੱਥੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ । ਇਹ ਘਟਨਾ ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਦੇ ਸਾਹਮਣੇ ਸਥਿਤ ਮੈਡੀਕਲ ਸਟੋਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਦੇ ਡਰਾਈਵਰ ਨੂੰ ਨੀਂਦ ਆ ਗਈ ਸੀ । ਜਿਸ ਕਾਰਨ ਉਹ ਟਰੈਕਟਰ ਨੂੰ ਕਾਬੂ ਨਹੀਂ ਕਰ ਸਕਿਆ ਅਤੇ ਇਹ ਹਾਦਸਾ ਵਾਪਰ ਗਿਆ ।
ਫੋਰਟਿਸ ਹਸਪਤਾਲ ਦੇ ਨੇੜੇ ਹੋਣ ਕਾਰਨ ਰਾਤ ਦੇ ਸਮੇਂ ਵੀ ਮੈਡੀਕਲ ਸਟੋਰ ਵਿੱਚ ਕਰਮਚਾਰੀ ਨਾਈਟ ਸ਼ਿਫਟ ਵਿੱਚ ਵੀ ਕੰਮ ਕਰਦੇ ਹਨ, ਪਰ ਬੀਤੀ ਰਾਤ ਮੈਡੀਕਲ ਸਟੋਰ ਵਿੱਚ ਕੋਈ ਵੀ ਕਰਮਚਾਰੀ ਹਾਜ਼ਰ ਨਹੀਂ ਸੀ । ਜਿਸ ਕਾਰਨ ਵੱਡਾ ਹਾਦਸਾ ਟਲ ਗਿਆ । ਦੁਕਾਨਦਾਰ ਅਮਨ ਸ਼ਰਮਾ ਨੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਸੂਚਨਾ ਦਿੱਤੀ। ਦੁਕਾਨਦਾਰ ਅਮਨ ਨੇ ਦੱਸਿਆ ਕਿ ਟਰੈਕਟਰ ਸਮਰਾਲਾ ਤੋਂ ਚਾਰਾ ਲੈ ਕੇ ਲੁਧਿਆਣਾ ਮੰਡੀ ਜਾ ਰਿਹਾ ਸੀ।ਇਸ ਹਾਦਸੇ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।