ਖੇਤੀਬਾੜੀ

 ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਰਵਾਇਆ ਵਿਸ਼ੇਸ਼ ਸਮਾਗਮ 

Published

on

ਲੁਧਿਆਣਾ :   ਅੱਜ ਪੀ.ਏ.ਯੂ. ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਹ ਸਮਾਗਮ ਆਤਮ ਪਰਗਾਸ ਸ਼ੋਸ਼ਲ ਵੈਲਫੇਅਰ ਫਾਊਂਡੇਸ਼ਨ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਸਹਿਯੋਗ ਨਾਲ ਹੋਇਆ ।

ਇਸ ਸਮਾਗਮ ਦਾ ਉਦੇਸ਼ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ-ਨਾਲ ਸ਼ਹੀਦਾਂ ਦੇ ਪਰਿਵਾਰਾਂ ਦੀ ਸਵੈ-ਨਿਰਭਰਤਾ ਲਈ ਯਤਨ ਕਰਨਾ ਸੀ ।ਸਮਾਗਮ ਦੇ ਮੁੱਖ ਮਹਿਮਾਨ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਸਨ ।

ਉਹਨਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ, ਆਤਮ ਪਰਗਾਸ ਦੇ ਨਿਰਦੇਸ਼ਕ ਡਾ. ਨਛੱਤਰ ਸਿੰਘ, ਪੀ.ਏ.ਯੂ. ਦੇ ਸਾਬਕਾ ਨਿਰਦੇਸ਼ਕ ਖੋਜ ਡਾ. ਬਲਵਿੰਦਰ ਸਿੰਘ ਅਤੇ ਮੌਜੂਦਾ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਤੋਂ ਇਲਾਵਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਅਤੇ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸੱਤਿਆਵਾਨ ਰਾਮਪਾਲ ਸਨ ।

ਮੁੱਖ ਬੁਲਾਰੇ ਵਜੋਂ ਪੀ.ਏ.ਯੂ. ਦੇ ਭੂਮੀ ਵਿਗਿਆਨ ਡਾ. ਵਰਿੰਦਰਪਾਲ ਸਿੰਘ ਸ਼ਾਮਿਲ ਹੋਏ । ਡਾ. ਸਿੰਘ ਨੇ ਇਸ ਮੌਕੇ ਕਿਸਾਨੀ ਅੰਦੋਲਨ ਦੇ ਸਮਾਜਿਕ ਪ੍ਰਭਾਵਾਂ ਦਾ ਜ਼ਿਕਰ ਕਰਦਿਆਂ ਇਸ ਅੰਦੋਲਨ ਨੂੰ ਭਾਰਤ ਵਿੱਚ ਹੀ ਨਹੀਂ ਪੂਰੀ ਦੁਨੀਆਂ ਵਿੱਚ ਕਿਸਾਨੀ ਦੀ ਸ਼ਕਤੀ ਮਜ਼ਬੂਤ ਕਰਨ ਵਾਲਾ ਕਿਹਾ । ਉਹਨਾਂ ਕਿਹਾ ਕਿ ਹੁਣ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਵੈ-ਨਿਰਭਰ ਬਨਾਉਣ ਦਾ ਮੌਕਾ ਹੈ । ਇਸ ਲਈ ਸਮੁੱਚੇ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ ।

ਮੱੁਖ ਮਹਿਮਾਨ ਡਾ. ਇੰਦਰਜੀਤ ਸਿੰਘ ਨੇ ਇਸ ਮੌਕੇ ਆਤਮ ਪਰਗਾਸ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਕਿਸਾਨੀ ਦੀ ਬਿਹਤਰੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਇਸ ਅੰਦੋਲਨ ਦਾ ਸਰੂਪ ਅਹਿੰਸਕ ਸੀ ਅਤੇ ਹੁਣ ਉਹਨਾਂ ਦੇ ਪਰਿਵਾਰਾਂ ਨੂੰ ਇਹ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਸਾਰਾ ਸਮਾਜ ਉਹਨਾਂ ਦੇ ਨਾਲ ਹੈ । ਉਹਨਾਂ ਇਹ ਵੀ ਯਕੀਨ ਦੁਆਇਆ ਕਿ ਕਿਸਾਨੀ ਦੀ ਬਿਹਤਰੀ ਲਈ ਦੋਵੇਂ ਯੂਨੀਵਰਸਿਟੀਆਂ ਲਗਾਤਾਰ ਯਤਨਸ਼ੀਲ ਰਹਿਣਗੀਆਂ ।

ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕਿਹਾ ਕਿ ਇਸ ਅੰਦੋਲਨ ਨੇ ਪੰਜਾਬ ਅਤੇ ਹਰਿਆਣਾ ਦੇ ਸਮਾਜ ਨੂੰ ਇਕਮੁੱਠਤਾ ਵਿੱਚ ਬੰਨਣ ਦਾ ਕਾਰਜ ਕੀਤਾ ਹੈ । ਉਹਨਾਂ ਆਤਮ ਪਰਗਾਸ ਸੰਸਥਾ ਨੂੰ ਇਸ ਕਾਰਜ ਲਈ ਸ਼ਾਬਾਸ਼ ਕਿਹਾ । ਡਾ. ਨਛੱਤਰ ਸਿੰਘ ਮੱਲੀ ਨੇ ਕਿਹਾ ਕਿ ਇਹ ਅੰਦੋਲਨ ਲੋਕਤੰਤਰ ਦੀ ਜਿੱਤ ਹੈ । ਇਸ ਨਾਲ ਕਿਸਾਨ ਬਨਾਮ ਕਾਰਪੋਰੇਟ ਵਿੱਚੋਂ ਸਮਾਜ ਨੇ ਕਿਸਾਨ ਨੂੰ ਚੁਣਿਆ ਹੈ । ਉਹਨਾਂ ਨੇ ਆਤਮ ਪਰਗਾਸ ਸੰਸਥਾ ਦੀਆਂ ਗਤੀਵਿਧੀਆਂ ਦਾ ਜ਼ਿਕਰ ਵੀ ਕੀਤਾ ਸਾਬਕਾ ਨਿਰਦੇਸ਼ਕ ਖੋਜ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਉਹਨਾਂ ਪਰਿਵਾਰਾਂ ਦੇ ਨਾਲ ਹਾਂ ਜਿਨਾਂ ਦੇ ਜੀਅ ਇਸ ਅੰਦੋਲਨ ਵਿੱਚ ਨਹੀਂ ਰਹੇ । ਡਾ. ਅਜਮੇਰ ਸਿੰਘ ਢੱਟ ਨੇ ਵੀ ਇਸ ਮੌਕੇ ਸੰਬੋਧਨ ਕਰਦਿਆਂ ਆਤਮ ਪਰਗਾਸ ਵੈੱਲਫੇਅਰ ਫਾਊਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ ।

Facebook Comments

Trending

Copyright © 2020 Ludhiana Live Media - All Rights Reserved.