Connect with us

ਪੰਜਾਬੀ

ਪੰਜਾਬ ਐਂਡ ਸਿੰਧ ਬੈਂਕ ਦੇ ਉੱਚ ਪੱਧਰੀ ਵਫ਼ਦ ਨੇ ਪੀ.ਏ.ਯੂ. ਦਾ ਕੀਤਾ ਦੌਰਾ 

Published

on

A high level delegation of Punjab and Sindh Bank visited PAU. visited
ਲੁਧਿਆਣਾ : ਪੰਜਾਬ ਦੇ ਖੇਤੀ ਸੈਕਟਰ ਨੂੰ ਹੁਲਾਰਾ ਦੇਣ, ਕਿਸਾਨਾਂ ਦੀ ਖੇਤੀ ਆਮਦਨ ਨੂੰ ਵਧਾਉਣ, ਪੰਜਾਬ ਦੀ ਖੁਸ਼ਹਾਲੀ ਨੂੰ ਬਰਕਰਾਰ ਰੱਖਣ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਐਂਡ ਸਿੰਧ ਬੈਂਕ ਦੇ ਉੱਚ ਪੱਧਰੀ ਵਫ਼ਦ ਨੇ PAU ਦੌਰਾ ਕੀਤਾ | ਸ਼੍ਰੀ ਸਵਰੂਪ ਕੁਮਾਰ ਸਾਹਾ, ਪ੍ਰਬੰਧਕੀ ਨਿਰਦੇਸ਼ਕ ਦੀ ਅਗਵਾਈ ਵਾਲੇ ਇਸ ਵਫ਼ਦ ਵਿੱਚ ਸ੍ਰੀ ਰਵੀ ਮਹਿਰਾ (ਜੀ ਐੱਮ) ਸ੍ਰੀ ਚਮਨ ਲਾਲ (ਐੱਫ ਜੀ ਐੱਮ) ਅਤੇ ਸ. ਸਤਬੀਰ ਸਿੰਘ (ਜ਼ੋਨਲ ਮੈਨੇਜਰ) ਲੁਧਿਆਣਾ ਸ਼ਾਮਲ ਸਨ |
ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ, ਪੀ.ਏ.ਯੂ. ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਐਗਰੋ ਪ੍ਰੋਸੈਸਿੰਗ ਯੂਨਿਟ ਅਤੇ ਹੁਨਰ ਵਿਕਾਸ ਕੇਂਦਰ ਸਥਾਪਿਤ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰ ਸਕੀਏ | ਐਗਰੀ ਬਿਜ਼ਨੈੱਸ ਤੇ ਜ਼ੋਰ ਦਿੰਦਿਆਂ ਉਨ੍ਹਾਂ ਮੁੱਲ ਵਾਧੇ ਅਤੇ ਉਚਿਤ ਮੰਡੀਕਰਨ ਦੀਆਂ ਨਵੀਆਂ ਤਕਨੀਕਾਂ ਅਪਨਾਉਣ ਲਈ ਕਿਹਾ |
ਸੂਰਜੀ ਊਰਜਾ, ਜੈਵਿਕ ਊਰਜਾ, ਜੈਵਿਕ ਖੇਤੀ ਆਦਿ ਖੇਤਰਾਂ ਵਿਚ ਪੀ.ਏ.ਯੂ. ਵਲੋਂ ਕੀਤੇ ਜਾ ਰਹੇੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਖੇਤੀ ਵਿਚ ਡਰੋਨਜ਼ ਅਤੇ ਏ ਆਈ ਵਰਗੀਆਂ ਅਤਿ ਆਧੁਨਿਕ ਤਕਨੀਕਾਂ ਅਪਨਾਉਣ ਲਈ ਕਿਹਾ|
ਇਸ ਮੌਕੇ ਡਾ. ਮਾਨਵਇੰਦਰ ਸਿੰਘ ਗਿੱਲ ਰਜਿਸਟਰਾਰ, ਪੀ.ਏ.ਯੂ. ਨੇ ਦੌਰਾ ਕਰ ਰਹੇ ਵਫਦ ਨੂੰ ਯੂਨੀਵਰਸਿਟੀ ਦੀਆਂ ਅਕਾਦਮਿਕ ਗਤੀਵਿਧੀਆਂ ਬਾਰੇ ਚਾਣਨਾ ਪਾਇਆ | ਡਾ. ਅਜਮੇਰ ਸਿੰਘ ਢੱਟ,ਨਿਰਦੇਸ਼ਕ ਖੋਜ ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਵਿਕਸਿਤ ਕੀਤੀਆਂ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ, ਕਟਾਈ ਉਪਰੰਤ ਤਕਨੀਕਾਂ, ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ, ਫਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਣ, ਖੇਤੀ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਨੂੰ ਨਜਿੱਠਣ ਆਦਿ ਬਾਰੇ ਚਾਣਨਾ ਪਾਇਆ|
ਪੀ.ਏ.ਯੂ ਵਿਗਿਆਨੀਆਂ ਅਤੇ ਪੰਜਾਬ ਦੇ ਕਿਸਾਨਾਂ ਦੀ ਅਣਥੱਕ ਮਿਹਨਤ ਸਦਕਾ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਸ੍ਰੀ ਸਵਰੂਪ ਕੁਮਾਰ ਸਾਹਾ ਨੇ ਦੱਸਿਆਂ ਕਿ ਸਾਲ 1908 ਵਿਚ ਹੋਂਦ ਵਿੱਚ ਆਇਆ ਪੰਜਾਬ ਐਂਡ ਸਿੰਧ ਬੈਂਕ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਪ੍ਰਤੀ ਵਚਨਬੱਧ ਹੈ| ਉਨ੍ਹਾਂ ਦੱਸਿਆ ਕਿ ਖੇਤੀ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਲਈ ਬੈਂਕ ਵਲੋਂ ਭੋਜਨ ਅਤੇ ਖੇਤੀ ਪ੍ਰੋਸੈਸਿੰਗ ਸਕੀਮ, ਕਿਸਾਨ ਉਤਪਾਦਨ ਸੰਗਠਨ ਅਤੇ ਹੋਰ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਪੀ.ਏ.ਯੂ. ਦੇ ਸਹਿਯੋਗ ਨਾਲ ਹੋਰ ਵੀ ਹੁਲਾਰਾ ਦਿੱਤਾ ਜਾ ਸਕਦਾ ਹੈ |
ਇਸ ਮੌਕੇ ਸਾਰੀਆਂ ਸਹੂਲਤਾਂ ਨਾਲ ਲੈਸ ਨਮੂਨੇ ਦਾ ਪਿੰਡ ਸਥਾਪਿਤ ਕਰਨ, ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਵਜ਼ੀਫ਼ੇ ਸ਼ੁਰੂ ਕਰਨ, ਸੁਆਇਲ ਮੈਪਿੰਗ ਕਰਨ ਆਦਿ ਵਿਸ਼ਿਆਂ ਤੇ ਵੀ ਵਿਚਾਰ-ਵਟਾਂਦਰੇ ਹੋਏ | ਡਾ. ਵਿਸ਼ਾਲ ਬੈਕਟਰ ਨੇ ਵਿਚਾਰ-ਵਟਾਂਦਰੇ ਵਿੱਚ ਸ਼ਿਰਕਤ ਕਰ ਰਹੇ ਪੀ.ਏ.ਯੂ. ਅਧਿਕਾਰੀਆਂ ਅਤੇ ਵਫ਼ਦ ਮੈਂਬਰਾਂ ਦਾ ਧੰਨਵਾਦ ਕੀਤਾ |

Facebook Comments

Trending