ਖੇਤੀਬਾੜੀ

 ਖਰ੍ਹਵੇ ਅਨਾਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਹੋਈ ਵਿਚਾਰ-ਚਰਚਾ 

Published

on

ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿੱਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਇਹ ਸਮਾਰੋਹ ਖਰ੍ਹਵੇ ਅਨਾਜਾਂ ਜਾਂ ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ ਕਰਨ ਲਈ ਕਰਵਾਈ ਗਈ ਸੀ | ਇਸ ਵਿੱਚ ਮਿਲਿਟਸ ਦੇ ਮਾਹਿਰ, ਕਾਸ਼ਤਕਾਰ ਕਿਸਾਨ, ਖੇਤੀ ਕਾਰੋਬਾਰ ਉੱਦਮੀ ਅਤੇ ਭੋਜਨ ਪ੍ਰੋਸੈਸਿੰਗ ਦੇ ਵਿਦਿਆਰਥੀ ਸ਼ਾਮਿਲ ਹੋਏ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਮੀਟਿੰਗ ਦੇ ਮੁੱਖ ਮਹਿਮਾਨ ਸਨ |

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਖਰ੍ਹਵੇ ਅਨਾਜਾਂ ਬਾਰੇ ਸਰਕਾਰ ਦੀ ਦਿਲਚਸਪੀ ਬਣੀ ਹੋਈ ਹੈ ਅਤੇ ਖੇਤੀਬਾੜੀ ਮੰਤਰੀ ਨੇ ਇਸਦੀ ਕਾਸ਼ਤ, ਮੁੱਲ ਵਾਧੇ ਅਤੇ ਪ੍ਰੋਸੈਸਿੰਗ ਬਾਰੇ ਹੋਰ ਕਾਰਜ ਲਈ ਪ੍ਰੇਰਿਤ ਕੀਤਾ ਹੈ | ਡਾ. ਗੋਸਲ ਨੇ ਕਿਹਾ ਕਿ ਹਰੀ ਕ੍ਰਾਂਤੀ ਤੋਂ ਪਹਿਲਾਂ ਖਰ੍ਹਵੇ ਅਨਾਜਾਂ ਹੇਠ ਜ਼ਿਕਰਯੋਗ ਰਕਬਾ ਸੀ ਅਤੇ ਇਹ ਪੰਜਾਬੀਆਂ ਦੀ ਖੁਰਾਕ ਦਾ ਅਟੁੱਟ ਹਿੱਸਾ ਸਨ | ਵਿਸ਼ੇਸ਼ ਤੌਰ ਤੇ ਕੰਗਣੀ ਦੀ ਖੀਰ ਨੂੰ ਚੌਲਾਂ ਦੀ ਖੀਰ ਉੱਪਰ ਤਰਜ਼ੀਹ ਦਿੱਤੀ ਜਾਂਦੀ ਸੀ |

ਉਹਨਾਂ ਕਿਹਾ ਕਿ ਕੰਗਣੀ ਦੀ ਫ਼ਸਲ ਮੱਕੀ ਨਾਲ ਅੰਤਰ ਫਸਲੀ ਤਰੀਕੇ ਵਿੱਚ ਬੀਜੀ ਜਾਂਦੀ ਸੀ ਅਤੇ ਕੁਝ ਸਾਲ ਪਹਿਲਾਂ ਤੱਕ ਬਾਜਰੇ ਦੀਆਂ ਪ੍ਰਦਰਸ਼ਨੀਆਂ ਲੱਗਦੀਆਂ ਰਹੀਆਂ | ਡਾ. ਗੋਸਲ ਨੇ ਦੱਸਿਆ ਕਿ ਵਿਸ਼ਵ ਦਾ ਪਹਿਲਾ ਹਾਈਬ੍ਰਿਡ ਬਾਜਰਾ ਪੀ ਐੱਚ ਬੀ ਵਿਕਸਿਤ ਕਰਨ ਦਾ ਸਿਹਰਾ ਵੀ ਪੀ.ਏ.ਯੂ. ਨੂੰ ਜਾਂਦਾ ਹੈ | ਉਹਨਾਂ ਕਿਹਾ ਕਿ ਹੁਣ ਭਾਵੇਂ ਚਰ੍ਹੀ ਅਤੇ ਬਾਜਰੇ ਨੂੰ ਪਸ਼ੂਆਂ ਦੇ ਚਾਰੇ ਲਈ  ਬੀਜਣ ਦਾ ਰੁਝਾਨ ਹੈ ਪਰ  ਇਹਨਾਂ ਦੇ ਪੋਸ਼ਣ ਗੁਣਵੱਤਾ ਕਰਕੇ ਬੀਤੇ ਕੁਝ ਸਮੇਂ ਤੋਂ ਖਰ੍ਹਵੇ ਅਨਾਜਾਂ ਨੂੰ ਮਨੁੱਖੀ ਖੁਰਾਕ ਵਿੱਚ ਸ਼ਾਮਿਲ ਕਰਨ ਦੇ ਮੌਕੇ ਵਧੇ ਹਨ |

ਉਹਨਾਂ ਕਿਹਾ ਕਿ ਜ਼ਿਆਦਾਤਾਰ ਖਰ੍ਹਵੇ ਅਨਾਜ ਸਾਉਣੀ ਦੀ ਰੁੱਤ ਵਿੱਚ ਬੀਜੇ ਜਾਂਦੇ ਹਨ | ਇਹਨਾਂ ਅਨਾਜਾਂ ਵਿੱਚ ਸਖਤ ਗਰਮੀ, ਪਾਣੀ ਦੀ ਘਾਟ, ਬਿਮਾਰੀਆਂ ਅਤੇ ਕੀੜਿਆਂ ਦਾ ਟਾਕਰਾ ਕਰਨ ਦੀ ਸਮਰਥਾ ਕਣਕ-ਝੋਨੇ ਨਾਲੋਂ ਜ਼ਿਆਦਾ ਹੁੰਦੀ ਹੈ | ਡਾ. ਗੋਸਲ ਨੇ ਸ਼ੂਗਰ ਦੇ ਮਰੀਜ਼ਾਂ ਲਈ ਵਧੀਆ ਖੁਰਾਕ ਵਜੋਂ ਖਰ੍ਹਵੇ ਅਨਾਜਾਂ ਨੂੰ ਸ਼ਾਮਿਲ ਕਰਨ ਦੀ ਗੱਲ ਕੀਤੀ ਅਤੇ ਨਾਲ ਹੀ ਘੱਟ ਖਾਦਾਂ, ਘੱਟ ਪਾਣੀ, ਘੱਟ ਹੋਰ ਖਰਚੇ ਨਾਲ ਇਹਨਾਂ ਦਾ ਉਤਪਾਦਨ ਹੋਣ ਕਰਕੇ ਫ਼ਸਲੀ ਵਿਭਿੰਨਤਾ ਲਈ ਬਿਲਕੁਲ ਢੁੱਕਵਾਂ ਬਦਲ ਕਿਹਾ |

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ  ਖਰ੍ਹਵੇ ਅਨਾਜਾਂ ਸੰਬੰਧੀ ਪੀ.ਏ.ਯੂ. ਦੀਆਂ ਖੋਜ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਉਹਨਾਂ ਕਿਹਾ ਕਿ ਸੱਠਵਿਆਂ ਦੇ ਅੱਧ ਤੱਕ  ਖਰ੍ਹਵੇ   ਅਨਾਜਾਂ ਦਾ ਪੰਜਾਬ ਵਿੱਚ ਬੋਲਬਾਲਾ ਸੀ ਅਤੇ ਢਾਈ ਲੱਖ ਹੈਕਟੇਅਰ ਵਿੱਚ ਬਾਜਰਾ, ਚਰ•ੀ, ਕੋਧਰਾ, ਰਾਗੀ ਦੀ ਕਾਸ਼ਤ ਕੀਤੀ ਜਾਂਦੀ ਸੀ | ਦੇਸ਼ ਦੀ ਲੋੜਾਂ ਲਈ ਕਣਕ-ਝੋਨੇ ਦਾ ਉਤਪਾਦਨ ਵਧਿਆ ਅਤੇ ਹੁਣ ਹਾਲਾਤ ਇਹ ਹਨ ਕਿ ਪੰਜਾਬ ਦਾ ਪਾਣੀ ਖਾਤਮੇ ਦੀ ਖਤਰਨਾਕ ਸਥਿਤੀ ਤੱਕ ਪਹੁੰਚ ਚੁੱਕਾ ਹੈ |

ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਮੌਜੂਦਾ ਵਰ੍ਹੇ ਨੂੰ ਖਰ੍ਹਵੇ ਅਨਾਜਾਂ ਦੇ ਸਾਲ ਵਜੋਂ ਮਨਾਨਿਆ ਜਾ ਰਿਹਾ ਹੈ | ਉਹਨਾਂ ਕਿਹਾ ਕਿ ਹੁਣ ਢਿੱਡ ਭਰਨ ਤੋਂ ਅਗਾਂਹ ਪੌਸ਼ਟਿਕਤਾ ਅਜੋਕੇ ਸਮੇਂ ਦੀ ਲੋੜ ਬਣੀ ਹੈ | ਖੇਤੀ ਵਿਭਿੰਨਤਾ ਲਈ ਕੋਸ਼ਿਸ਼ਾਂ ਕਰਦਿਆਂ ਵੀ ਸਾਨੂੰ ਇਸ ਦਿਸ਼ਾ ਵਿੱਚ ਕਾਰਜ ਕਰਦੇ ਰਹਿਣ ਦੀ ਲੋੜ ਹੈ | ਨਾਲ ਹੀ ਖਰ੍ਹਵੇ ਅਨਾਜ ਪੰਜਾਬੀਆਂ ਦਾ ਵਿਰਸਾ ਵੀ ਹਨ |ਇਸ ਮੌਕੇ ਖਰ੍ਹਵੇ ਅਨਾਜਾਂ ਸੰਬੰਧੀ ਤਿੰਨ ਕਿਤਾਬਚੇ ਜਾਰੀ ਕੀਤੇ ਗਏ |

Facebook Comments

Trending

Copyright © 2020 Ludhiana Live Media - All Rights Reserved.