ਸ਼ੇਰਪੁਰ : ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਮਹਿਮੂਦਪੁਰ ਦੇ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਸੜਕ ’ਤੇ ਘੇਰ ਕੇ ਬੇਰਹਿਮੀ ਨਾਲ ਕੁੱਟਿਆ ਗਿਆ।ਸਿਵਲ ਹਸਪਤਾਲ ਧੂਰੀ ਵਿੱਚ ਜ਼ੇਰੇ ਇਲਾਜ ਜਤਿੰਦਰ ਸਿੰਘ ਵਾਸੀ ਕੁਠਾਲਾ ਨੇ ਦੱਸਿਆ ਕਿ ਉਹ ਦੁਪਹਿਰ 2 ਵਜੇ ਤੋਂ ਬਾਅਦ ਮਹਿਮੂਦਪੁਰ ਸਕੂਲ ਤੋਂ ਆਪਣੀ ਡਿਊਟੀ ਖ਼ਤਮ ਕਰਕੇ ਆਪਣੇ ਘਰ ਪਿੰਡ ਕੁਠਾਲਾ ਜਾ ਰਿਹਾ ਸੀ। ਰਸਤੇ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਅਧਿਆਪਕ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਨੇੜਲੇ ਖੇਤਾਂ ‘ਚ ਕੰਮ ਕਰ ਰਹੀਆਂ ਔਰਤਾਂ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਉਹ ਫਰਾਰ ਹੋ ਗਏ। ਅਧਿਆਪਕ ਜਤਿੰਦਰ ਸਿੰਘ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼ੇਰਪੁਰ ਥਾਣਾ ਮੁਖੀ ਇੰਸਪੈਕਟਰ ਬਲਵੰਤ ਸਿੰਘ ਬਲਿੰਗ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹਨ। ਕੈਮਰੇ ਦੀਆਂ ਤਸਵੀਰਾਂ ਸਕੈਨ ਕੀਤੀਆਂ ਜਾ ਰਹੀਆਂ ਹਨ। ਪੀੜਤ ਅਧਿਆਪਕ ਜਤਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।