ਲੁਧਿਆਣਾ: ਲੁਧਿਆਣਾ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਦੇਖੇ ਗਏ। ਜਾਣਕਾਰੀ ਅਨੁਸਾਰ ਅੱਜ ਮਹਾਨਗਰ ਵਿੱਚ ਇੱਕ 100 ਸਾਲ ਪੁਰਾਣੀ 5 ਮੰਜ਼ਿਲਾ ਇਮਾਰਤ ਜੋ ਕਿ ਖਸਤਾ ਹਾਲਤ ਵਿੱਚ ਸੀ, ਅਚਾਨਕ ਢਹਿ ਗਈ।ਇਹ ਹਾਦਸਾ ਜ਼ਿਲ੍ਹੇ ਦੇ ਬੰਦਿਆ ਮੁਹੱਲੇ ਦੀ ਉੱਚੀ ਗਲੀ ਵਿੱਚ ਸਥਿਤ ਇੱਕ ਇਮਾਰਤ ਵਿੱਚ ਵਾਪਰਿਆ। ਇਸ ਦੌਰਾਨ 3 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਮਿਲੀ ਹੈ ਕਿ ਇਸ ਇਮਾਰਤ ਵਿੱਚ 2-3 ਪਰਿਵਾਰ ਰਹਿੰਦੇ ਸਨ, ਜਿਨ੍ਹਾਂ ਨੇ ਬੀਤੀ ਰਾਤ ਹੀ ਘਰ ਖਾਲੀ ਕਰ ਦਿੱਤਾ। ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੁਆਂਢੀਆਂ ਨੇ ਇਮਾਰਤ ਦੇ ਮਾਲਕ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਇਮਾਰਤ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਅੱਜ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ।ਇਸ ਦੌਰਾਨ ਇੱਕ ਔਰਤ ਅਤੇ ਬੱਚਾ ਵੀ ਜ਼ਖਮੀ ਹੋ ਗਏ। ਗੁਆਂਢੀ ਨੇ ਦੱਸਿਆ ਕਿ ਅੱਜ ਉਸ ਦੀ ਪਤਨੀ ਅਤੇ ਪੁੱਤਰ ਘਰ ਵਿੱਚ ਮੌਜੂਦ ਸਨ। ਇਮਾਰਤ ਡਿੱਗਦੇ ਹੀ ਉਸ ਦੇ ਘਰ ਦੀ ਕੰਧ ਵੀ ਟੁੱਟ ਗਈ। ਬਹੁਤ ਸਾਰਾ ਮਲਬਾ ਉਸ ਦੇ ਘਰ ਵਿੱਚ ਆ ਗਿਆ। ਪਤਨੀ ਖੁਸ਼ੀ ਅਰੋੜਾ ਦੇ ਸਿਰ ‘ਤੇ ਇੱਟ ਵੱਜਣ ਕਾਰਨ ਉਸ ਦੇ ਸਿਰ ‘ਤੇ ਸੱਟ ਲੱਗ ਗਈ। ਡੇਢ ਸਾਲ ਦਾ ਬੱਚਾ ਵੀ ਜ਼ਖਮੀ ਹੋ ਗਿਆ। ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।