ਗੁਰਦਾਸਪੁਰ: ਗੁਰਦਾਸਪੁਰ ਦੇ ਆਰਟੀਏ ਦਫ਼ਤਰ ‘ਤੇ ਵਿਜੀਲੈਂਸ ਵਿਭਾਗ ਵੱਲੋਂ ਛਾਪੇਮਾਰੀ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਉਧਰ, ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉੱਚ ਪੱਧਰੀ ਵਿਜੀਲੈਂਸ ਟੀਮ ਨੇ ਬੀਤੀ ਰਾਤ ਕਰੀਬ 12-15 ਵਜੇ ਆਰਟੀਏ ਦਫ਼ਤਰ ਵਿੱਚ ਛਾਪਾ ਮਾਰਿਆ।ਇਸ ਦੌਰਾਨ ਦਫ਼ਤਰ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ ਅਤੇ ਟੀਮ ਦੇ ਮੈਂਬਰ ਦਫ਼ਤਰ ਦੇ ਰਿਕਾਰਡ ਦੀ ਜਾਂਚ ਕਰਨ ਅਤੇ ਸਟਾਫ਼ ਤੋਂ ਪੁੱਛਗਿੱਛ ਕਰਨ ਵਿੱਚ ਲੱਗੇ ਹੋਏ ਹਨ।
ਵਰਨਣਯੋਗ ਹੈ ਕਿ ਆਰਟੀਏ ਦਫ਼ਤਰ ਵਿੱਚ ਕੁਝ ਮੁਲਾਜ਼ਮ ਤਾਇਨਾਤ ਹਨ ਜੋ ਇੱਥੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕਈਆਂ ਦਾ ਕਈ ਵਾਰ ਇੱਥੋਂ ਤਬਾਦਲਾ ਹੋ ਚੁੱਕਾ ਹੈ ਪਰ ਉਨ੍ਹਾਂ ਦੇ ਸੰਪਰਕਾਂ ਦੀ ਬਦੌਲਤ ਉਹ ਵਾਪਸ ਗੁਰਦਾਸਪੁਰ ਆ ਜਾਂਦੇ ਹਨ।ਇਨ੍ਹਾਂ ਮੁਲਾਜ਼ਮਾਂ ਵੱਲੋਂ ਵੱਡੀਆਂ ਜਾਇਦਾਦਾਂ ਖੜ੍ਹੀਆਂ ਕਰਨ ਦੀ ਵੀ ਚਰਚਾ ਹੈ।
ਹੁਣ ਤਾਜ਼ਾ ਛਾਪੇਮਾਰੀ ਤੋਂ ਕੀ ਨਿਕਲਦਾ ਹੈ ਇਹ ਤਾਂ ਕੁਝ ਸਮੇਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਛਾਪੇਮਾਰੀ ਦੀ ਪੂਰੇ ਸ਼ਹਿਰ ਵਿਚ ਚਰਚਾ ਹੋ ਰਹੀ ਹੈ |ਦੂਜੇ ਪਾਸੇ ਆਰਟੀਏ ਦਫ਼ਤਰ ਦੇ ਆਸ-ਪਾਸ ਡਰਾਈਵਿੰਗ ਲਾਇਸੈਂਸ ਬਣਾਉਣ, ਵਾਹਨਾਂ ਦੀ ਰਜਿਸਟ੍ਰੇਸ਼ਨ ਆਦਿ ਦਾ ਕਾਰੋਬਾਰ ਕਰਨ ਵਾਲੀਆਂ ਸਾਰੀਆਂ ਦੁਕਾਨਾਂ ਵੀ ਵਿਜੀਲੈਂਸ ਦੀ ਛਾਪੇਮਾਰੀ ਦੀ ਖ਼ਬਰ ਸੁਣਦਿਆਂ ਹੀ ਬੰਦ ਹੋ ਗਈਆਂ ਹਨ।