ਚੰਡੀਗੜ੍ਹ : ਪੰਜਾਬ ਦੇ ਮੌਸਮ ‘ਚ ਬਦਲਾਅ ਦੀ ਖਬਰ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ‘ਚ ਅੱਜ ਫਿਰ ਤੋਂ ਮੌਸਮ ‘ਚ ਬਦਲਾਅ ਹੋਵੇਗਾ, ਜਿਸ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।ਅਨੁਮਾਨ ਹੈ ਕਿ ਅੱਜ ਅਤੇ ਕੱਲ ਯਾਨੀ 19 ਅਤੇ 20 ਮਾਰਚ ਨੂੰ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਤੂਫਾਨ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਜਾਰੀ ਚੇਤਾਵਨੀ ਅਨੁਸਾਰ ਸੂਬੇ ਦੇ ਜ਼ਿਲੇ ਫਾਜ਼ਿਲਕਾ, ਮੁਕਤਸਰ, ਫਰੀਦੀਕੋਟ ਅਤੇ ਪਠਾਨਕੋਟ ਸ਼ਾਮਲ ਹਨ, ਜਿੱਥੇ ਅੱਜ ਹਲਕੀ ਬਾਰਿਸ਼ ਹੋ ਸਕਦੀ ਹੈ।
ਦੂਜੇ ਪਾਸੇ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਸ਼ਹਿਰ ਦਾ ਤਾਪਮਾਨ ਹੁਣ 30 ਡਿਗਰੀ ਤੋਂ ਹੇਠਾਂ ਨਹੀਂ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਵੀ ਇਸ ਵਿਚ ਵਾਧਾ ਹੁੰਦਾ ਰਹੇਗਾ। ਮੰਗਲਵਾਰ ਨੂੰ ਵੀ ਚੰਡੀਗੜ੍ਹ ਏਅਰਪੋਰਟ ‘ਤੇ ਤਾਪਮਾਨ 30 ਡਿਗਰੀ ਰਿਹਾ, ਹਾਲਾਂਕਿ ਸ਼ਹਿਰ ਦੇ ਅੰਦਰ ਸੈਕਟਰ 30 ਸਥਿਤ ਮੌਸਮ ਵਿਗਿਆਨ ਕੇਂਦਰ ਦਾ ਤਾਪਮਾਨ 29.3 ਡਿਗਰੀ ਰਿਹਾ।ਪੱਛਮੀ ਗੜਬੜੀ ਦਾ ਇੱਕ ਤਾਜ਼ਾ, ਪਰ ਹਲਕਾ ਸਪੈੱਲ ਬੁੱਧਵਾਰ ਤੋਂ ਉੱਤਰੀ ਭਾਰਤ ਵਿੱਚ ਮੁੜ ਸਰਗਰਮ ਹੋ ਰਿਹਾ ਹੈ। ਹਾਲਾਂਕਿ, ਇਹ ਸਪੈਲ ਇੰਨਾ ਮਜ਼ਬੂਤ ਨਹੀਂ ਹੈ ਕਿ ਚੰਡੀਗੜ੍ਹ ਜਾਂ ਆਸ-ਪਾਸ ਦੇ ਖੇਤਰਾਂ ਦੇ ਮੌਸਮ ਵਿੱਚ ਕੋਈ ਵੱਡੀ ਤਬਦੀਲੀ ਲਿਆ ਜਾ ਸਕੇ।ਬੁੱਧਵਾਰ ਅਤੇ ਸ਼ੁੱਕਰਵਾਰ ਦਰਮਿਆਨ ਤੇਜ਼ ਹਵਾਵਾਂ ਅਤੇ ਗਰਜ ਦੇ ਨਾਲ ਹਲਕੇ ਬੱਦਲਾਂ ਦੇ ਨਾਲ ਹਲਕੀ ਬਾਰਿਸ਼ ਜਾਂ ਗੜੇ ਪੈਣ ਦੀ ਸੰਭਾਵਨਾ ਹੈ।