ਲੁਧਿਆਣਾ : ਜ਼ਿਲੇ ‘ਚ ਥ੍ਰੀਵ੍ਹੀਲਰ ‘ਤੇ ਜਾਨਲੇਵਾ ਹਮਲਾ ਅਤੇ ਲੁੱਟ-ਖੋਹ ਦੀ ਕੋਸ਼ਿਸ਼ ਕੀਤੀ ਗਈ ਹੈ।ਬੀਤੀ ਰਾਤ ਸਲੇਮ ਟਾਬਰੀ ਥਾਣੇ ਅਧੀਨ ਪੈਂਦੇ ਭਾਟੀਆ ਬੇਟ ਨੇੜੇ ਮੈਟਰੋ ਰੋਡ ’ਤੇ ਅਣਪਛਾਤੇ ਲੁਟੇਰਿਆਂ ਵੱਲੋਂ ਤਿੰਨ ਪਹੀਆ ਵਾਹਨ ਚਾਲਕ ’ਤੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕਰਦਿਆਂ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।
ਇਸ ਮਗਰੋਂ ਦੋ ਲੁਟੇਰਿਆਂ ਨੂੰ ਰਾਹਗੀਰਾਂ ਨੇ ਫੜ ਕੇ ਐਲਡੀਸੀਓ ਅਸਟੇਟ ਪੁਲੀਸ ਚੌਕੀ ਹਵਾਲੇ ਕਰ ਦਿੱਤਾ। ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥ੍ਰੀ ਵ੍ਹੀਲਰ ਚਾਲਕ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਲਾਡੋਵਾਲ ਪੈਟਰੋਲ ਪੰਪ ਤੋਂ ਆਪਣੇ ਥ੍ਰੀ ਵੀਲ੍ਹਰ ‘ਚ ਗੈਸ ਭਰ ਕੇ ਵਾਪਸ ਘਰ ਆ ਰਿਹਾ ਸੀ।ਇਸੇ ਦੌਰਾਨ ਮੈਟਰੋ ਰੋਡ ਨੇੜੇ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਫਿਲਹਾਲ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।