ਜਲੰਧਰ: ਨਗਰ ਨਿਗਮ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਸਾਰੀਆਂ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਵਾਰਡ ਨੰਬਰ 84 ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਨੀਰਜ ਜੱਸਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਹੁਣ ਆਪ ਅਤੇ ਕਾਂਗਰਸ ਵਿੱਚ ਇੱਕ ਉਮੀਦਵਾਰ ਨੂੰ ਲੈ ਕੇ ਟਕਰਾਅ ਚੱਲ ਰਿਹਾ ਹੈ।
ਇਸ ਬਾਰੇ ਰਜਿੰਦਰ ਬੇਰੀ ਦਾ ਕਹਿਣਾ ਹੈ ਕਿ ‘ਆਪ’ ਨੇ ਦੋ ਵਾਰ ਸੂਚੀ ਜਾਰੀ ਕੀਤੀ ਸੀ, ਇਸ ਲਈ ਸੰਭਵ ਹੈ ਕਿ ਨੀਰਜ ਜੱਸਲ ਦਾ ਨਾਂ ਗਲਤੀ ਨਾਲ ਸ਼ਾਮਲ ਹੋ ਗਿਆ ਹੋਵੇ। ਉਨ੍ਹਾਂ ਦਾਅਵਾ ਕੀਤਾ ਕਿ ਨੀਰਜ ਕਾਂਗਰਸ ਵੱਲੋਂ ਚੋਣ ਲੜਨਗੇ।ਰਮਨ ਅਰੋੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਾਰਡ ਤੋਂ ਨੀਰਜ ਜੱਸਲ ਨੇ ਅਪਲਾਈ ਕੀਤਾ ਸੀ, ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣ ਲੜਨਾ ਉਨ੍ਹਾਂ ਦਾ ਨਿੱਜੀ ਫੈਸਲਾ ਹੈ।