ਜਲੰਧਰ : ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਵਿੱਚ ਕੈਦੀਆਂ ਦੇ ਦੋ ਗੁੱਟਾਂ ਵਿੱਚ ਲੜਾਈ ਹੋਣ ਦੀ ਖ਼ਬਰ ਹੈ। ਇਸ ਗੈਂਗ ਵਾਰ ਦੌਰਾਨ 4 ਦੋਸ਼ੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇਕ ਜ਼ਖਮੀ ਨੂੰ ਗੰਭੀਰ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਦੀਆਂ ਬੈਰਕਾਂ ਵਿੱਚ ਬੰਦ ਕੈਦੀਆਂ ਦੇ ਦੋ ਗੁੱਟਾਂ ਵਿੱਚ ਰਾਤ 8 ਵਜੇ ਦੇ ਕਰੀਬ ਲੜਾਈ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋਸ਼ੀਆਂ ਨੇ ਲੜਾਈ ‘ਚ ਇਕ ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇੱਕ ਦੋਸ਼ੀ ਹਿਰਾਸਤੀ ਕਤਲ ਕੇਸ ਵਿੱਚ ਬੰਦ ਹੈ। ਇਸ ਘਟਨਾ ਵਿੱਚ ਚਾਰ ਕੈਦੀ ਜ਼ਖ਼ਮੀ ਹੋਏ ਹਨ।
ਜ਼ਖ਼ਮੀਆਂ ਵਿੱਚ ਸਿਮਰਨਜੀਤ ਸਿੰਘ, ਵਿਸ਼ਾਲ, ਸੁਨੀਲ ਅਤੇ ਮੁਕੇਸ਼ ਸ਼ਾਮਲ ਹਨ। ਮੁਕੇਸ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਿਊਟੀ ਡਾਕਟਰ ਨੇ ਮੁਕੇਸ਼ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ।