ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਹਨ ਅਤੇ ਇੱਕ ਕਮੇਟੀ ਬਣਾ ਕੇ ਅਕਾਲੀ ਦਲ ਦਾ ਪੁਨਰਗਠਨ ਕਰਨ ਦੇ ਹੁਕਮ ਵੀ ਦਿੱਤੇ ਹਨ।
ਇਸ ਕਮੇਟੀ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਇਕਬਾਲ ਸਿੰਘ ਝੂੰਦਾਂ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਸਤਵੰਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ। ਜਥੇਦਾਰ ਨੇ ਹੁਕਮ ਦਿੱਤੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਤੋਂ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਅਤੇ ਇਹ ਕਮੇਟੀ 6 ਮਹੀਨਿਆਂ ਦੇ ਅੰਦਰ ਪ੍ਰਧਾਨ ਅਤੇ ਹੋਰ ਅਹੁਦਿਆਂ ਲਈ ਚੋਣਾਂ ਕਰਵਾਏ।
ਸਿੰਘ ਸਾਹਿਬਾਨ ਨੇ ਆਦੇਸ਼ ਦਿੱਤੇ ਕਿ ਭਰਤੀ ਜਾਅਲੀ ਨਹੀਂ ਹੋਣੀ ਚਾਹੀਦੀ, ਇਸ ਲਈ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਆਧਾਰ ਕਾਰਡ ਨਾਲ ਰਜਿਸਟਰੇਸ਼ਨ ਕੀਤੀ ਜਾਵੇ, ਕਿਉਂਕਿ ਅਕਾਲੀ ਦਲ ਹੁਣ ਸਿੱਖਾਂ ਦੀ ਰਾਖੀ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕਾ ਹੈ, ਇਸ ਲਈ ਹੁਣ ਤੱਕ ਅਸਤੀਫ਼ੇ ਦੇਣ ਵਾਲੇ ਆਗੂਆਂ ਦੀ ਵਰਕਿੰਗ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਅਸਤੀਫ਼ਿਆਂ ਨੂੰ ਪ੍ਰਵਾਨ ਕਰਕੇ 3 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਿਪੋਰਟ ਭੇਜੇ।