ਅੰਮ੍ਰਿਤਸਰ : ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਜਾਰੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਜ਼ਿਲੇ ‘ਚ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸੁਲਤਾਨਵਿੰਡ ਦੀ ਪੁਲੀਸ ਨੇ ਪਿੰਡ ਪੰਡੌਰਾ ਸੁਲਤਾਨਵਿੰਡ ਵਾਸੀ ਮੰਨੂ, ਹੈਪੀ ਅਤੇ ਸਾਜਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।ਮ੍ਰਿਤਕ ਦੇ ਪਿਤਾ ਕਿਸ਼ਨ ਯਾਦਵ ਨੇ ਦੱਸਿਆ ਕਿ ਉਸ ਦਾ ਲੜਕਾ ਸੂਰਜ ਆਪਣੇ ਦੋਸਤ ਸਾਜਨ ਨਾਲ ਮੋਟਰਸਾਈਕਲ ’ਤੇ ਮੇਲਾ ਦੇਖਣ ਗਿਆ ਸੀ ਪਰ ਰਾਤ ਨੂੰ ਵਾਪਸ ਨਹੀਂ ਆਇਆ। ਸਵੇਰੇ ਕਿਸੇ ਨੇ ਦੱਸਿਆ ਕਿ ਸੂਰਜ ਮੰਨੂੰ ਅਤੇ ਹੈਪੀ ਦੇ ਘਰ ਮ੍ਰਿਤਕ ਪਿਆ ਹੈ। ਸਾਜਨ, ਮੰਨੂ ਅਤੇ ਹੈਪੀ ਨੇ ਮਿਲ ਕੇ ਨਸ਼ੇ ਦਾ ਸੇਵਨ ਕੀਤਾ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਸੂਰਜ ਦੀ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।