ਕਾਠਗੜ੍ਹ : ਬਲਾਚੌਰ-ਰੂਪਨਗਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਸੁਧਾ ਮਾਜਰ ਨੇੜੇ ਬੀਤੀ ਰਾਤ ਕਾਰਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਰੋਡ ਸੇਫਟੀ ਫੋਰਸ ਟੀਮ ਦੇ ਅਧਿਕਾਰੀ ਕੁਲਵੀਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਵਾਪਰਿਆ।
ਬਲਾਚੌਰ ਸਾਈਡ ਤੋਂ ਇੱਕ ਕਾਰ ਵਿੱਚ ਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੱਟੂ ਮੰਡ ਜ਼ਿਲ੍ਹਾ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਕਰਨ ਵਾਸੀ ਪਟਿਆਲਾ ਜੋ ਕਿ ਹੁਣ ਪਿੰਡ ਮਾਣੇਵਾਲ ਦਾ ਰਹਿੰਦਾ ਹੈ, ਦੋਵੇਂ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਸੁਧਾ ਮਾਜਰਾ ਕੱਟ ਤੋਂ ਪਿੰਡ ਮਾਣੇਵਾਲ ਵੱਲ ਜਾ ਰਹੀ ਉਸ ਦੀ ਕਾਰ ਚੰਡੀਗੜ੍ਹ ਤੋਂ ਅੰਮ੍ਰਿਤਸਰ ਵੱਲ ਆ ਰਹੀ ਕਾਰ ਨਾਲ ਟਕਰਾ ਗਈ, ਜਿਸ ਨੂੰ ਹਰਸ਼ਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਅੰਮ੍ਰਿਤਸਰ ਚਲਾ ਰਿਹਾ ਸੀ।
ਇਸ ਹਾਦਸੇ ‘ਚ ਗੰਭੀਰ ਜ਼ਖਮੀ ਹੋਣ ਕਾਰਨ ਕਰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਗੰਭੀਰ ਜ਼ਖਮੀ ਮਨਜੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਦੇ ਪਰਖੱਚੇ ਉੱਡ ਗਏ। ਪੁਲਸ ਥਾਣਾ ਕਾਠਗੜ੍ਹ ਨੇ ਨੁਕਸਾਨੀਆਂ ਕਾਰਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।