ਮਹਾਰਾਸ਼ਟਰ: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਉਜਨੀ ਡੈਮ ਨੇੜੇ ਇੱਕ ਕਿਸ਼ਤੀ ਪਲਟਣ ਕਾਰਨ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਤੇਜ਼ ਹਵਾਵਾਂ ਅਤੇ ਮੀਂਹ ਤੋਂ ਬਾਅਦ ਵਾਪਰੀ। ਇੰਦਾਪੁਰ ਦੇ ਤਹਿਸੀਲਦਾਰ ਸ਼੍ਰੀਕਾਂਤ ਪਾਟਿਲ ਨੇ ਦੱਸਿਆ ਕਿ ਡੁੱਬਣ ਵਾਲਿਆਂ ਵਿੱਚ ਤਿੰਨ ਪੁਰਸ਼, ਇੱਕ ਔਰਤ ਅਤੇ ਦੋ ਬੱਚੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਿਸ਼ਤੀ ਸੇਵਾ ਕਲਸ਼ੀ ਅਤੇ ਭੂਗਾਓਂ ਪਿੰਡਾਂ ਵਿਚਕਾਰ ਚੱਲਦੀ ਹੈ।
ਉਨ੍ਹਾਂ ਦੱਸਿਆ ਕਿ ਸੱਤ ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਮੰਗਲਵਾਰ ਸ਼ਾਮ ਨੂੰ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਪਲਟ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ ‘ਚ ਸਵਾਰ ਸਹਾਇਕ ਪੁਲਸ ਇੰਸਪੈਕਟਰ ਰੈਂਕ ਦਾ ਇਕ ਅਧਿਕਾਰੀ ਤੈਰ ਕੇ ਸੁਰੱਖਿਅਤ ਬਾਹਰ ਨਿਕਲ ਗਿਆ। ਉਨ੍ਹਾਂ ਕਿਹਾ ਕਿ ਰਾਸ਼ਟਰੀ ਆਫਤ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਅਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।